ਜਬਰ ਜਨਾਹ ਮਾਮਲੇ ‘ਚ ਤਰੁਣ ਤੇਜਪਾਲ ਨੂੰ ਵੱਡਾ ਝਟਕਾ: ਹਾਈ ਕੋਰਟ ਨੇ ਸੁਣਾਈ 10 ਸਾਲ ਦੀ ਸਜ਼ਾ
ਨਵੀ ਦਿੱਲੀ, 6 ਅਗਸਤ 2026 (ਵਿਸ਼ਵ ਵਾਰਤਾ): ਸਾਲ 2013 ਦੇ ਚਰਚਿਤ ਜਿਨਸੀ ਸ਼ੋਸ਼ਣ ਮਾਮਲੇ ਵਿੱਚ ‘ਤਹਿਲਕਾ’ ਮੈਗਜ਼ੀਨ ਦੇ ਸਾਬਕਾ ਐਡੀਟਰ-ਇਨ-ਚੀਫ਼ ਤਰੁਣ ਤੇਜਪਾਲ ਨੂੰ ਵੱਡਾ ਝਟਕਾ ਲੱਗਾ ਹੈ। ਬੰਬੇ ਹਾਈ ਕੋਰਟ ਨੇ ਹੇਠਲੀ ਅਦਾਲਤ ਵੱਲੋਂ ਉਨ੍ਹਾਂ ਨੂੰ ਬਰੀ ਕੀਤੇ ਜਾਣ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ।ਇਸ ਦੇ ਨਾਲ ਹੀ ਤੇਜਪਾਲ ਨੂੰ ਜਬਰ-ਜ਼ਨਾਹ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਅਤੇ 10 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ । ਇਸ ਫ਼ੈਸਲੇ ‘ਤੇ ਤਰੁਣ ਤੇਜਪਾਲ ਨੇ ਕਿਹਾ ਕਿ ਉਹ ਯਕੀਨਨ ਸੁਪਰੀਮ ਕੋਰਟ ਦਾ ਰੁਖ ਕਰਨਗੇ
ਇਸ ਤੋਂ ਪਹਿਲਾਂ ਮਈ 2021 ਵਿੱਚ ਗੋਆ ਦੀ ਟ੍ਰਾਇਲ ਕੋਰਟ ਨੇ ਸਬੂਤਾਂ ਦੀ ਘਾਟ ਕਾਰਨ ਤੇਜਪਾਲ ਨੂੰ ਬਰੀ ਕਰ ਦਿੱਤਾ ਸੀ। ਮਾਮਲਾ ਨਵੰਬਰ 2013 ਦਾ ਹੈ। ਤਹਿਲਕਾ ਦੀ ਇੱਕ ਮਹਿਲਾ ਪੱਤਰਕਾਰ ਨੇ ਦੋਸ਼ ਲਗਾਇਆ ਸੀ ਕਿ ਗੋਆ ਵਿੱਚ ਆਯੋਜਿਤ ‘ਥਿੰਕ ਫੈਸਟ’ ਦੌਰਾਨ 7 ਅਤੇ 8 ਨਵੰਬਰ ਦੀ ਰਾਤ ਨੂੰ ਹੋਟਲ ਦੀ ਲਿਫ਼ਟ ਵਿੱਚ ਤਰੁਣ ਤੇਜਪਾਲ ਨੇ ਦੋ ਵਾਰ ਉਸ ਦਾ ਜਿਨਸੀ ਸ਼ੋਸ਼ਣ ਕੀਤਾ।























