USA : ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ
ਫਤਿਹਗੜ੍ਹ ਸਾਹਿਬ, 29 ਨਵੰਬਰ (ਵਿਸ਼ਵ ਵਾਰਤਾ): ਰੋਜ਼ੀ-ਰੋਟੀ ਕਮਾਉਣ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 27 ਸਾਲਾ ਗੁਰਕੀਰਤ ਸਿੰਘ ਖਰੌੜ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ 18 ਨਵੰਬਰ ਨੂੰ ਮੋਂਟਾਨਾ ਦੇ ਮਾਈਲ ਸਿਟੀ ਨੇੜੇ ਫੈਲਨ ਇਲਾਕੇ ਵਿੱਚ ਇੰਟਰਸਟੇਟ-94 (I-94) ਹਾਈਵੇਅ ’ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਗੁਰਕੀਰਤ ਆਪਣੇ ਟਰੱਕ ਦੇ ਟਾਇਰਾਂ ਦੀ ਜਾਂਚ ਕਰਨ ਲਈ ਹੇਠਾਂ ਉਤਰਿਆ ਹੋਇਆ ਸੀ। ਇਸੇ ਦੌਰਾਨ ਉੱਥੋਂ ਲੰਘ ਰਹੇ ਇੱਕ ਹੋਰ ਟਰੱਕ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੁਰਕੀਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮਾਮਲੇ ਸਬੰਧੀ ਪੁਲਿਸ ਵੱਲੋਂ 28 ਨਵੰਬਰ ਨੂੰ ਕੀਤੀ ਗਈ ਕਾਰਵਾਈ ਤੋਂ ਬਾਅਦ ਇਹ ਘਟਨਾ ਸਾਹਮਣੇ ਆਈ। ਹਾਦਸੇ ਵਿੱਚ ਸ਼ਾਮਲ ਦੂਜੇ ਟਰੱਕ ਦੇ ਡਰਾਈਵਰ ਦੀ ਪਛਾਣ 30 ਸਾਲਾ ਗੁਰਕੀਰਤ ਸਿੰਘ ਖਰੌੜ ਵਜੋਂ ਹੋਈ ਹੈ, ਜੋ ਬਿਲਿੰਗਜ਼, ਮੋਂਟਾਨਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਹ ਕਥਿਤ ਤੌਰ ’ਤੇ ਪੀਟਰਬਿਲਟ ਕੰਪਨੀ ਦਾ ਟਰੱਕ ਚਲਾ ਰਿਹਾ ਸੀ।
ਗੁਰਕੀਰਤ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸਦੇ ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ। ਪਰਿਵਾਰ ਵਿੱਚ ਹੁਣ ਉਸਦੀ ਮਾਂ ਅਤੇ ਦਾਦੀ ਹਨ। ਜਾਣਕਾਰਾਂ ਅਤੇ ਦੋਸਤਾਂ ਦੇ ਅਨੁਸਾਰ, ਗੁਰਕੀਰਤ ਦਾ ਵਿਆਹ ਅਗਲੇ ਮਹੀਨੇ, ਜਨਵਰੀ 2027 ਵਿੱਚ ਹੋਣਾ ਤੈਅ ਸੀ। ਇਸ ਹਾਦਸੇ ਵਿੱਚ ਨੌਜਵਾਨ ਦੀ ਮੌਤ ਦੀ ਖ਼ਬਰ ਨਾਲ ਪੰਜਾਬ ਵਿੱਚ ਰਹਿੰਦੇ ਉਸ ਦੇ ਪਰਿਵਾਰ ਅਤੇ ਜਾਣਕਾਰਾਂ ਵਿੱਚ ਸੋਗ ਦੀ ਲਹਿਰ ਹੈ।























