ਹੁਣ ਨੇਪਾਲ ਵਿੱਚ ਵੀ ਚੱਲੇਗਾ ਭਾਰਤ ਦਾ UPI
– ਦੋਵਾਂ ਦੇਸ਼ਾਂ ਵਿਚਾਲੇ ਪੈਸੇ ਭੇਜਣਾ ਹੋਵੇਗਾ ਆਸਾਨ
ਨਵੀ ਦਿੱਲੀ, 7 ਜੂਨ 2026 (ਵਿਸ਼ਵ ਵਾਰਤਾ): ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਨਵੀਂ ਦਿੱਲੀ ਵਿੱਚ ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖ਼ਨਾਲ ਨਾਲ ਮੁਲਾਕਾਤ ਕੀਤੀ। ਬੈਠਕ ਦੌਰਾਨ ਭਾਰਤ ਅਤੇ ਨੇਪਾਲ ਵਿਚਾਲੇ UPI ਅਤੇ ਨੇਪਾਲ ਦੇ ਨੈਸ਼ਨਲ ਪੇਮੈਂਟ ਸਿਸਟਮ ਨੂੰ ਆਪਸ ਵਿੱਚ ਜੋੜਿਆ ਗਿਆ। ਇਸ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਸਰਹੱਦ ਪਾਰ ਪੈਸਾ ਭੇਜਣਾ ਆਸਾਨ ਹੋ ਜਾਵੇਗਾ। ਨੇਪਾਲ ਦੀ ਐੱਨਐੱਚਸੀਐੱਲ (NHCL) ਅਤੇ ਭਾਰਤ ਦੀ ਐੱਨਪੀਸੀਆਈ (NPCI) ਵਿਚਾਲੇ ਹੋਏ ਸਮਝੌਤੇ ਤਹਿਤ ਹੁਣ ਨੇਪਾਲ ਵਿੱਚ ਯੂਪੀਆਈ (UPI) ਅਧਾਰਤ ਡਿਜੀਟਲ ਭੁਗਤਾਨ ਪ੍ਰਣਾਲੀ ਨੂੰ ਉਤਸ਼ਾਹ ਮਿਲੇਗਾ।
ਭਾਰਤ ਨੇ 2015 ਦੇ ਭੂਚਾਲ ਤੋਂ ਬਾਅਦ ਚੱਲ ਰਹੇ ਪੁਨਰ-ਨਿਰਮਾਣ ਪ੍ਰੋਗਰਾਮ ਤਹਿਤ ਨੇਪਾਲ ਨੂੰ 72 ਹੈਲਥ ਫੈਸਿਲਿਟੀਜ਼ ਅਤੇ 12 ਸੱਭਿਆਚਾਰਕ ਵਿਰਾਸਤ ਪ੍ਰੋਜੈਕਟ ਵੀ ਸੌਂਪੇ। ਜੈਸ਼ੰਕਰ ਨੇ ਕਿਹਾ ਕਿ ਭਾਰਤ-ਨੇਪਾਲ ਸਬੰਧ ਸਾਂਝੇ ਵਿਸ਼ਵਾਸ, ਸੱਭਿਆਚਾਰਕ ਵਿਰਾਸਤ ਅਤੇ ਲੋਕਾਂ ਦੇ ਡੂੰਘੇ ਜੁੜਾਅ ‘ਤੇ ਅਧਾਰਤ ਹਨ। ਦੋਵਾਂ ਦੇਸ਼ਾਂ ਵਿਚਾਲੇ ਵਪਾਰ, ਨਿਵੇਸ਼, ਊਰਜਾ, ਸਿੱਖਿਆ ਅਤੇ ਵਿਕਾਸ ਸਹਿਯੋਗ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਖ਼ਨਾਲ ਨੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਵੀ ਮੁਲਾਕਾਤ ਕੀਤੀ, ਜਿਸ ਵਿੱਚ ਸੜਕ-ਰੇਲ ਸੰਪਰਕ, ਬਿਜਲੀ ਵਪਾਰ, ਸੈਰ-ਸਪਾਟਾ ਅਤੇ ਸੱਭਿਆਚਾਰਕ ਸਹਿਯੋਗ ਨੂੰ ਵਧਾਉਣ ‘ਤੇ ਚਰਚਾ ਹੋਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















