TarnTaran by-election: ‘ਆਪ’ ਉਮੀਦਵਾਰ ਹਰਮੀਤ ਸੰਧੂ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ
ਸੀਐਮ ਮਾਨ; ਮਨੀਸ਼ ਸਿਸੋਦੀਆ ਸਣੇ ਸੀਨੀਅਰ ਪਾਰਟੀ ਆਗੂ ਰਹੇ ਮੌਜੂਦ
ਚੰਡੀਗੜ੍ਹ, 17 ਅਕਤੂਬਰ 2025 (ਵਿਸ਼ਵ ਵਾਰਤਾ) – ਤਰਨਤਾਰਨ ਜ਼ਿਮਨੀ ਚੋਣ (TarnTaran by-election) ਨੂੰ ਲੈ ਕੇ ਸਿਆਸੀ ਮਾਹੌਲ ਭੱਖ ਚੁੱਕਿਆ ਹੈ। ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਵੱਲੋਂ ਵੀ ਅੱਜ ਤਰਨਤਾਰਨ ਵਿਧਾਨ ਸਭਾ ਉਪ ਚੋਣ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੇ ਦਿੱਤਾ ਗਿਆ। ਇਸ ਮੌਕੇ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ‘ਆਪ’ ਇੰਚਾਰਜ ਮਨੀਸ਼ ਸਿਸੋਦੀਆ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ ਕਈ ਸੀਨੀਅਰ ਪਾਰਟੀ ਆਗੂ ਮੌਜੂਦ ਰਹੇ।

ਹਰਮੀਤ ਸਿੰਘ ਸੰਧੂ ਨੇ ਕਿਹਾ ਕਿ “ਅੱਜ ਪੰਜਵੇਂ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਸਾਹਿਬ ਤੋਂ ਅਸ਼ੀਰਵਾਦ ਪ੍ਰਾਪਤ ਕਰਕੇ ਜ਼ਿਮਨੀ ਚੋਣਾਂ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖ਼ਿਲ ਕੀਤਾ।” ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ, ਮੁੱਖ ਮੰਤਰੀ ਭਗਵੰਤ ਮਾਨ, ਮਨੀਸ਼ ਸਿਸੋਦੀਆ ਅਤੇ ਹੋਰ ‘ਆਪ’ ਆਗੂਆਂ ਨੇ ਇੱਕ ਵੱਡਾ ਰੋਡ ਸ਼ੋਅ ਕੱਢਿਆ ਅਤੇ ਭਾਰੀ ਗਿਣਤੀ ‘ਚ ਪੁੱਜੇ ਸਮਰਥਕਾਂ ਨੂੰ ਸੰਬੋਧਨ ਕੀਤਾ। ਰੋਡ ਸ਼ੋਅ ਦੌਰਾਨ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਜੇਕਰ ਤੁਸੀਂ ਹਰਮੀਤ ਸੰਧੂ ਨੂੰ ਚੁਣਦੇ ਹੋ, ਤਾਂ ਤੁਹਾਡੇ ਕੰਮ ਨੂੰ ਤਰਜੀਹ ਦਿੱਤੀ ਜਾਵੇਗੀ।”
ਦੱਸ ਦਈਏ ਕਿ ਤਰਨਤਾਰਨ ਜ਼ਿਮਨੀ ਚੋਣ (TarnTaran by-election) ਲਈ 11 ਨਵੰਬਰ ਨੂੰ ਵੋਟਿੰਗ ਹੋਵੇਗੀ ਅਤੇ ਗਿਣਤੀ 14 ਨਵੰਬਰ ਨੂੰ ਹੋਵੇਗੀ। ਪ੍ਰਮੁੱਖ ਪਾਰਟੀਆਂ ਨੇ ਉਮੀਦਵਾਰ ਐਲਾਨ ਦਿੱਤੇ ਸਨ। ਇਨ੍ਹਾਂ ਵਿੱਚ ‘ਆਪ’ ਵੱਲੋਂ ਹਰਮੀਤ ਸਿੰਘ ਸੰਧੂ, ਕਾਂਗਰਸ ਵੱਲੋਂ ਕਰਨਬੀਰ ਸਿੰਘ ਬੁਰਜ, ਅਕਾਲੀ ਦਲ ਵੱਲੋਂ ਸੁਖਵਿੰਦਰ ਕੌਰ ਰੰਧਾਵਾ, ਭਾਜਪਾ ਵੱਲੋਂ ਹਰਜੀਤ ਸਿੰਘ ਸੰਧੂ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਮਨਦੀਪ ਸਿੰਘ ਚੋਣ ਲੜ ਰਹੇ ਹਨ। ਇਹ ਸੀਟ ‘ਆਪ’ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























