ਮਸ਼ਹੂਰ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਨੇ ਤਰੁਣ ਚੁੱਘ ਨਾਲ ਕੀਤੀ ਮੁਲਾਕਾਤ
– ਨੌਜਵਾਨਾਂ ਨੂੰ ਕੀਤੀ ਖਾਸ ਅਪੀਲ
ਚੰਡੀਗੜ੍ਹ, 26 ਮਈ 2026 (ਵਿਸ਼ਵ ਵਾਰਤਾ): ਮਸ਼ਹੂਰ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਨੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨਾਲ ਮੁਲਾਕਾਤ ਕੀਤੀ ਹੈ। ਪੰਜਾਬ ਵਿੱਚ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਹੁਣ ਹਨੀ ਸਿੰਘ ਨੇ ਜੁੜ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਸਮਰਥਨ ਜਤਾਇਆ ਹੈ।
ਇਸ ਦੌਰਾਨ ਹਨੀ ਸਿੰਘ ਅਤੇ ਤਰੁਣ ਚੁੱਘ ਦੋਵਾਂ ਨੇ ਮਿਲ ਕੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ, ਖਾਸ ਕਰਕੇ “ਚਿੱਟੇ” ਆਦਿ ਤੋਂ ਬਚਾਉਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ।
ਹਨੀ ਸਿੰਘ ਨੇ ਕਿਹਾ ਕਿ ਉਹ ਭਾਜਪਾ ਅਤੇ ਤਰੁਣ ਚੁੱਘ ਨਾਲ ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਵਿੱਚ ਕੰਮ ਕਰਨਗੇ ਅਤੇ ਨੌਜਵਾਨਾਂ ਨੂੰ ਇਸ ਖ਼ਤਰਨਾਕ ਲਤ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਨਗੇ। ਤਰੁਣ ਚੁੱਘ ਅਤੇ ਹਨੀ ਸਿੰਘ ਨੇ ਕਿਹਾ ਕਿ ਪੰਜਾਬ ਗੁਰੂਆਂ, ਬਹਾਦਰੀ, ਮਜ਼ਬੂਤ ਕੱਦ-ਕਾਠ ਅਤੇ ਖ਼ੂਬਸੂਰਤੀ ਦੀ ਧਰਤੀ ਹੈ ਅਤੇ ਉਸੇ ਪੰਜਾਬ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ।
ਤਰੁਣ ਚੁੱਘ ਨੇ ਕਿਹਾ ਕਿ “ਅੱਜ ਪੰਜਾਬ ਦੀ ਸ਼ਾਨ, ਨੌਜਵਾਨਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ, ਪ੍ਰਸਿੱਧ ਗਾਇਕ ਯੋ ਯੋ ਹਨੀ ਸਿੰਘ ਜੀ ਨਾਲ ਮੁਲਾਕਾਤ ਹੋਈ ਅਤੇ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਦੇ ਸੰਕਲਪ ‘ਤੇ ਸਾਰਥਕ ਚਰਚਾ ਕੀਤੀ।ਜੇਕਰ ਹਨੀ ਸਿੰਘ ਵਾਪਸੀ ਕਰ ਸਕਦੇ ਹਨ, ਤਾਂ ਪੰਜਾਬ ਦਾ ਨੌਜਵਾਨ ਵੀ ਨਵੀਂ ਸ਼ੁਰੂਆਤ ਕਰ ਸਕਦਾ ਹੈ।ਆਓ ਅਸੀਂ ਸਾਰੇ ਰਲ ਕੇ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਦਾ ਪ੍ਰਣ ਕਰੀਏ।”
ਇੱਕ ਵੀਡੀਓ ਵਿੱਚ ਤਰੁਣ ਚੁੱਘ ਅਤੇ ਹਨੀ ਸਿੰਘ ਇਕੱਠੇ ਬੈਠ ਕੇ ਦੁੱਧ ਪੀਂਦੇ ਨਜ਼ਰ ਆਏ। ਹਨੀ ਸਿੰਘ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਨਸ਼ਾ ਛੱਡ ਕੇ ਦੁੱਧ ਪੀਣਾ ਚਾਹੀਦਾ ਹੈ। ਤਰੁਣ ਚੁੱਘ ਨੇ ਅੱਗੇ ਕਿਹਾ, “ਯੋ ਯੋ ਹਨੀ ਸਿੰਘ ਪੰਜਾਬ ਦੇ ਪੁੱਤਰ ਹਨ, ਜਿਨ੍ਹਾਂ ਨੇ ਦੁਨੀਆ ਭਰ ਵਿੱਚ ਨਾਮ ਕਮਾਇਆ ਹੈ। ਉਨ੍ਹਾਂ ਕਿਹਾ ਕਿ “ਮੈਂ ਹਨੀ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਗੀਤਾਂ ਅਤੇ ਬੋਲਾਂ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ।”
ਹਨੀ ਸਿੰਘ ਨੇ ਕਿਹਾ ਕਿ ਉਹ ਭਾਜਪਾ ਅਤੇ ਤਰੁਣ ਚੁੱਘ ਨਾਲ ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਵਿੱਚ ਕੰਮ ਕਰਨਗੇ ਅਤੇ ਨੌਜਵਾਨਾਂ ਨੂੰ ਇਸ ਖ਼ਤਰਨਾਕ ਲਤ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਨਗੇ।























