Punjab ਦੇ ਗੁਰਿੰਦਰਵੀਰ ਸਿੰਘ ਨੇ ਰਚਿਆ ਇਤਿਹਾਸ, ਤੋੜਿਆ ਪੁਰਸ਼ਾਂ ਦੀ 100 ਮੀਟਰ ਦੌੜ ਦਾ ਰਾਸ਼ਟਰੀ ਰਿਕਾਰਡ
– ਗੁਰਿੰਦਰਵੀਰ ਸਿੰਘ ਨੇ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਲਈ ਕੀਤਾ ਕੁਆਲੀਫਾਈ
– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦਿੱਤੀ ਵਧਾਈ
ਚੰਡੀਗੜ੍ਹ, 24 ਮਈ (ਵਿਸ਼ਵ ਵਾਰਤਾ) – ਪੰਜਾਬ ਦੇ ਗੁਰਿੰਦਰਵੀਰ ਸਿੰਘ ਨੇ ਇਤਿਹਾਸ ਰਚ ਦਿੱਤਾ ਹੈ। ਗੁਰਿੰਦਰਵੀਰ ਸਿੰਘ ਨੇ ਪੁਰਸ਼ਾਂ ਦੀ 100 ਮੀਟਰ ਦੌੜ ਦਾ ਰਾਸ਼ਟਰੀ ਰਿਕਾਰਡ ਤੋੜ ਦਿੱਤਾ ਹੈ। ਗੁਰਿੰਦਰਵੀਰ ਸਿੰਘ ਨੇ ਭਾਰਤ ਦੇ ਹੀ ਅਨੀਮੇਸ਼ ਕੁਜੁਰ ਦਾ ਰਾਸ਼ਟਰੀ ਰਿਕਾਰਡ ਤੋੜ ਦਿੱਤਾ ਹੈ। ਅਨੀਮੇਸ਼ ਕੁਜੁਰਨੇ ਨੇ 10.10-ਸਕਿੰਟ ‘ਚ ਦੌੜ ਦਾ ਰਿਕਾਰਡ ਬਣਾਇਆ ਸੀ, ਜਿਸ ਨੂੰ ਹੁਣ ਗੁਰਿੰਦਰਵੀਰ ਸਿੰਘ ਨੇ ਫੈਡਰੇਸ਼ਨ ਕੱਪ ਮੁਕਾਬਲੇ ਦੌਰਾਨ 10.09 ਸਕਿੰਟ ਦਾ ਸਮਾਂ ਕੱਢ ਕੇ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਗੁਰਿੰਦਰਵੀਰ ਸਿੰਘ ਨੇ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਦੋਵਾਂ ਲਈ ਵੀ ਕੁਆਲੀਫਾਈ ਕਰ ਲਿਆ ਹੈ। ਦੱਸ ਦਈਏ ਕਿ ਗੁਰਿੰਦਰਵੀਰ ਸਿੰਘ ਜਲੰਧਰ ਦਾ ਰਹਿਣ ਵਾਲਾ ਹੈ।
ਗੁਰਿੰਦਰਵੀਰ ਸਿੰਘ ਦੀ ਇਸ ਪ੍ਰਾਪਤੀ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ‘ਤੇ ਇੱਕ ਸ਼ੇਅਰ ਕਰਦਿਆਂ ਕਿਹਾ ਕਿ, ਸਾਡੇ ਹੋਣਹਾਰ ਅਥਲੀਟ ਗੁਰਿੰਦਰਵੀਰ ਸਿੰਘ ਨੂੰ ਰਾਂਚੀ ਵਿਖੇ ਫੈਡਰੇਸ਼ਨ ਕੱਪ ਦੀ 100 ਮੀਟਰ ਫਰਾਟਾ ਦੌੜ ਵਿੱਚ ਸੋਨੇ ਦਾ ਤਗ਼ਮਾ ਜਿੱਤਣ ਉੱਤੇ ਬਹੁਤ ਬਹੁਤ ਮੁਬਾਰਕਾਂ। ਸਾਡੇ ਗੱਭਰੂ ਜਵਾਨ ਨੇ ਮਹਿਜ਼ 10.09 ਸਕਿੰਟ ਦਾ ਸਮਾਂ ਕੱਢ ਕੇ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਹੈ।

ਗੁਰਿੰਦਰਵੀਰ 100 ਮੀਟਰ ਦੌੜ ਵਿੱਚ 10.10 ਸਕਿੰਟ ਤੋਂ ਘੱਟ ਸਮਾਂ ਕੱਢਣ ਵਾਲਾ ਪਹਿਲਾ ਭਾਰਤੀ ਅਥਲੀਟ ਬਣ ਗਿਆ ਹੈ। ਦੋ ਦਿਨਾਂ ‘ਚ ਦੂਜਾ ਨੈਸ਼ਨਲ ਰਿਕਾਰਡ ਤੋੜ ਕੇ ਪੰਜਾਬ ਦੇ ਪੁੱਤਰ ਨੇ ਦੇਸ਼ ਦੁਨੀਆ ਵਿੱਚ ਸੂਬੇ ਦਾ ਨਾਮ ਚਮਕਾਇਆ ਹੈ। ਗੁਰਿੰਦਰਵੀਰ ਦੀ ਇਸ ਇਤਿਹਾਸਕ ਪ੍ਰਾਪਤੀ ‘ਤੇ ਪੂਰੇ ਪੰਜਾਬ ਨੂੰ ਮਾਣ ਹੈ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















