Punjab: ਅਮਨ ਅਰੋੜਾ ਦੇ ਯਤਨਾਂ ਸਦਕਾ ਸੁਨਾਮ ਵਿਖੇ ਬਣੇਗਾ ਸੂਬੇ ਦਾ ਪਹਿਲਾ ਸਟੇਟ ਹਾਈਵੇ ਟਰੌਮਾ ਸੈਂਟਰ
– ਸੜਕ ਹਾਦਸਿਆਂ ‘ਚ ਜਾਨਾਂ ਗਵਾਉਣ ਵਾਲਿਆਂ ਦੀ ਗਿਣਤੀ ਵਿੱਚ ਆਵੇਗੀ ਭਾਰੀ ਕਮੀ
– ਹੁਣ ਤੱਕ ਸਿਰਫ ਨੈਸ਼ਨਲ ਹਾਈਵੇਜ਼ ਉੱਪਰ ਪੈਂਦੇ 5 ਸ਼ਹਿਰਾਂ ਵਿੱਚ ਹੀ ਹੈ ਇਹ ਸਹੂਲਤ

ਸੁਨਾਮ (ਊਧਮ ਸਿੰਘ ਵਾਲਾ), 5 ਜੁਲਾਈ (ਵਿਸ਼ਵ ਵਾਰਤਾ) – ਪੰਜਾਬ (Punjab) ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਅਤਿ ਆਧੁਨਿਕ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਲਈ ਸ਼ੁਰੂ ਕੀਤੀ ਮੁਹਿੰਮ ਅਤੇ ਕੈਬਨਿਟ ਮੰਤਰੀ (Punjab) ਅਮਨ ਅਰੋੜਾ ਦੇ ਵਿਸ਼ੇਸ਼ ਯਤਨਾਂ ਸਦਕਾ ਸੁਨਾਮ ਸ਼ਹਿਰ ਵਿੱਚ ਸੂਬੇ ਦਾ ਪਹਿਲਾ ਸਟੇਟ ਹਾਈਵੇ ਟਰੌਮਾ ਸੈਂਟਰ ਸ਼ੁਰੂ ਹੋਣ ਜਾ ਰਿਹਾ ਹੈ। ਇਸ 10 ਬੈਡ ਵਾਲੇ ਟਰੌਮਾ ਸੈਂਟਰ ਦੀ ਇਮਾਰਤ ਦਾ ਨੀਂਹ ਪੱਥਰ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਥਾਨਕ ਸਬ ਡਵੀਜ਼ਨਲ ਹਸਪਤਾਲ ਵਿਖੇ ਰੱਖਿਆ।
ਇਸ ਮੌਕੇ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਦੱਸਿਆ ਕਿ ਸੂਬੇ ਵਿੱਚ ਇਸ ਵੇਲੇ ਸਿਰਫ ਪੰਜ ਟਰੌਮਾ ਸੈਂਟਰ ਜਲੰਧਰ, ਖੰਨਾ, ਪਠਾਨਕੋਟ, ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿੱਚ ਚੱਲ ਰਹੇ ਹਨ। ਇਹ ਸਾਰੇ ਪੰਜ ਸੈਂਟਰ ਨੈਸ਼ਨਲ ਹਾਈਵੇਜ਼ ਉੱਪਰ ਸਥਿਤ ਹਨ। ਸੁਨਾਮ ਵਿਖੇ ਬਣਨ ਵਾਲਾ ਟਰੌਮਾ ਸੈਂਟਰ ਸੂਬੇ ਦਾ ਪਹਿਲਾ ਸਟੇਟ ਹਾਈਵੇ ਟਰੌਮਾ ਸੈਂਟਰ ਹੋਵੇਗਾ। ਜੋ ਕਿ ਪੂਰੀ ਮਾਲਵਾ ਬੈਲਟ ਫਾਜ਼ਿਲਕਾ ਤੋਂ ਲੈ ਕੇ ਚੰਡੀਗੜ੍ਹ ਤੱਕ ਸੜਕ ਹਾਦਸਿਆਂ ਦੇ ਸ਼ਿਕਾਰ ਲੋਕਾਂ ਲਈ ਮੁੱਢਲੀ ਸਹਾਇਤਾ ਦੇ ਨਾਲ ਨਾਲ ਮੁਕੰਮਲ ਇਲਾਜ਼ ਪ੍ਰਦਾਨ ਕਰੇਗਾ।
ਉਹਨਾਂ ਕਿਹਾ ਕਿ ਇਹ ਕੋਈ ਲੋਕਾਂ ਦੀ ਮੰਗ ਨਹੀਂ ਸੀ, ਸਗੋਂ ਉਹਨਾਂ ਦੀ ਲੰਮੇ ਸਮੇਂ ਦੀ ਨਿੱਜੀ ਇੱਛਾ ਸੀ ਕਿ ਸੁਨਾਮ ਸ਼ਹਿਰ ਵਿੱਚ ਇਹ ਸਹੂਲਤ ਹੋਵੇ। ਜਿਸ ਲਈ ਉਹ ਪਿਛਲੇ ਤਿੰਨ ਸਾਲ ਤੋਂ ਯਤਨ ਕਰ ਰਹੇ ਸਨ। ਅੱਜ ਫਾਜ਼ਿਲਕਾ ਤੋਂ ਲੈ ਕੇ ਚੰਡੀਗੜ੍ਹ ਤੱਕ ਕੋਈ ਵੀ ਟਰੌਮਾ ਸੈਂਟਰ ਨਹੀਂ ਹੈ। ਇਹ ਸੈਂਟਰ ਬਣਨ ਨਾਲ ਇਸ ਸੜਕ ਤੋਂ ਗੁਜ਼ਰਨ ਵਾਲੇ ਲੱਖਾਂ ਰਾਹਗੀਰਾਂ ਨੂੰ ਸਹੂਲਤ ਮਿਲੇਗੀ। ਇਹ ਸੈਂਟਰ ਦੀ ਇਮਾਰਤ ਦਾ ਕੰਮ ਅਗਲੇ 8 ਮਹੀਨੇ ਵਿੱਚ ਪੂਰਾ ਕੀਤਾ ਜਾਵੇਗਾ।
ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਦੇ ਚੱਲਦਿਆਂ ਸਰਕਾਰੀ ਹਸਪਤਾਲਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਡਾਕਟਰਾਂ ਅਤੇ ਹੋਰ ਸਟਾਫ ਦੀ ਭਰਤੀ ਨਹੀਂ ਹੋਈ। ਜਦੋਂ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੰਮ ਕਰਨਾ ਸ਼ੁਰੂ ਕੀਤਾ ਹੈ ਉਦੋਂ ਤੋਂ ਸਿਹਤ ਵਿਭਾਗ ਸਮੇਤ ਹਰੇਕ ਵਿਭਾਗ ਵਿੱਚ ਭਰਤੀ ਪ੍ਰਕਿਰਿਆ ਲਗਾਤਾਰ ਜਾਰੀ ਹੈ। ਉਹਨਾਂ ਕਿਹਾ ਕਿ ਅਗਲੇ ਇੱਕ ਸਾਲ ਵਿੱਚ ਸੂਬੇ ਭਰ ਦੇ ਹਸਪਤਾਲਾਂ ਵਿੱਚ ਬੁਨਿਆਦੀ ਢਾਂਚੇ ਦੇ ਨਾਲ ਨਾਲ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਘਾਟ ਪੂਰੀ ਕਰ ਦਿੱਤੀ ਜਾਵੇਗੀ।
ਉਹਨਾਂ ਕਿਹਾ ਕਿ ਹੁਣ ਤੱਕ 19 ਕਰੋੜ ਰੁਪਏ ਦੇ ਕਰੀਬ ਫੰਡ ਇਕੱਲੇ ਸੁਨਾਮ ਹਸਪਤਾਲ ਵਿੱਚ ਖਰਚੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਹਸਪਤਾਲ ਵਿੱਚ 9 ਕਮਰਿਆਂ ਦਾ ਓ ਪੀ ਡੀ ਬਲਾਕ, ਬਲੱਡ ਬੈਂਕ ਬਣ ਚੁੱਕੇ ਹਨ ਅਤੇ ਛੇ ਜ਼ਿਲ੍ਹਿਆਂ ਦੇ ਡਰੱਗ ਵੇਅਰਹਾਊਸ ਦਾ ਨਿਰਮਾਣ ਜੰਗੀ ਪੱਧਰ ਉੱਤੇ ਜਾਰੀ ਹੈ। ਉਹਨਾਂ ਕਿਹਾ ਕਿ ਹਲਕਾ ਸੁਨਾਮ ਦਾ ਵਿਕਾਸ ਅਤੇ ਲੋਕ ਸੇਵਾ ਉਹਨਾਂ ਦੀ ਡਿਊਟੀ ਹੈ। ਹਲਕੇ ਦੇ ਲੋਕਾਂ ਨੇ ਹੀ ਉਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਹੈ। ਇਹ ਸੇਵਾ ਨਿਭਾਅ ਕੇ ਉਹ ਆਪਣਾ ਫਰਜ਼ ਵੀ ਪੂਰਾ ਕਰ ਰਹੇ ਹਨ।
ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ਉਤੇ ਕੰਮ ਕੀਤਾ ਜਾ ਰਿਹਾ ਹੈ। ਜਦੋਂ ਤੋਂ ਆਪ ਪਾਰਟੀ ਸੱਤਾ ਵਿਚ ਆਈ ਹੈ ਉਦੋਂ ਤੋਂ ਹੀ ਤਰਜੀਹੀ ਤੌਰ ਉੱਤੇ ਸਰਬਪੱਖੀ ਵਿਕਾਸ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























