Punjab: ਦਿਲਰੋਜ ਨੂੰ ਜ਼ਿੰਦਾ ਦਫ਼ਨਾਉਣ ਵਾਲੀ ਔਰਤ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ
ਲੁਧਿਆਣਾ, 26 ਸਤੰਬਰ (ਵਿਸ਼ਵ ਵਾਰਤਾ): ਹਾਈ ਕੋਰਟ ਨੇ ਇੱਕ ਮਾਸੂਮ ਬੱਚੀ ਨੂੰ ਜ਼ਿੰਦਾ ਦਫ਼ਨਾਉਣ ਵਾਲੀ ਗੁਆਂਢਣ ਔਰਤ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਹੈ। ਹਾਈ ਕੋਰਟ ਦੇ ਫੈਸਲੇ ਅਨੁਸਾਰ, ਦੋਸ਼ੀ ਔਰਤ ਨੂੰ ਹੁਣ 30 ਸਾਲ ਦੀ ਕੈਦ ਦੀ ਸਜ਼ਾ ਭੁਗਤਣੀ ਪਵੇਗੀ, ਇਸ ਸਮੇਂ ਦੌਰਾਨ ਕੋਈ ਛੋਟ ਨਹੀਂ ਮਿਲੇਗੀ। ਇਸ ਤੋਂ ਪਹਿਲਾਂ ਸੈਸ਼ਨ ਕੋਰਟ ਨੇ ਉਸਨੂੰ ਲਗਭਗ ਦੋ ਸਾਲ ਪਹਿਲਾਂ ਮੌਤ ਦੀ ਸਜ਼ਾ ਸੁਣਾਈ ਸੀ।
ਔਰਤ ਨੇ ਮਾਸੂਮ ਬੱਚੀ ਦਿਲਰੋਜ ਨੂੰ ਇਸ ਲਈ ਜ਼ਿੰਦਾ ਦਫ਼ਨਾ ਕੇ ਕਤਲ ਕਰ ਦਿੱਤਾ ਸੀ, ਕਿਉਂਕਿ ਦਿਲਰੋਜ ਦਾ ਪਿਤਾ ਆਪਣੀ ਬੱਚੀ ਲਈ ਖਿਡੌਣੇ ਅਤੇ ਹੋਰ ਚੀਜ਼ਾਂ ਲਿਆ ਕੇ ਦਿੰਦਾ ਸੀ ਅਤੇ ਜਿਸ ਨੂੰ ਦੇਖ ਕੇ ਮੁਲਜ਼ਮ ਔਰਤ ਦੇ ਬੱਚੇ ਵੀ ਖਿਡੌਣਿਆਂ ਦੀ ਮੰਗ ਕਰਦੇ ਸਨ। ਉਹ ਇਹਨਾਂ ਮੰਗਾਂ ਨੂੰ ਪੂਰਾ ਕਰਨ ਵਿੱਚ ਅਸਮਰੱਥ ਸੀ, ਜਿਸ ਕਾਰਨ ਉਸਨੇ ਗੁੱਸੇ ਵਿੱਚ ਆ ਕੇ ਬੱਚੀ ਨੂੰ ਜ਼ਿੰਦਾ ਦਫ਼ਨਾ ਕੇ ਕਤਲ ਕਰ ਦਿੱਤਾ ਸੀ।
28 ਨਵੰਬਰ, 2021 ਨੂੰ, ਉਹ ਬੱਚੀ ਨੂੰ ਆਪਣੇ ਐਕਟਿਵਾ ‘ਤੇ ਇੱਕ ਸੁੰਨਸਾਨ ਖੇਤਰ ਵਿੱਚ ਲੈ ਗਈ ਅਤੇ ਉਸਨੂੰ ਪਹਿਲਾਂ ਹੀ ਪੁੱਟੇ ਗਏ ਇੱਕ ਟੋਏ ਵਿੱਚ ਜ਼ਿੰਦਾ ਦਫ਼ਨਾ ਦਿੱਤਾ ਸੀ। ਸੀਸੀਟੀਵੀ ਫੁਟੇਜ ਵਿੱਚ ਬੱਚੇ ਦੇ ਲਾਪਤਾ ਹੋਣ ਤੋਂ ਬਾਅਦ ਔਰਤ ਬੱਚੀ ਨੂੰ ਐਕਟਿਵਾ ‘ਤੇ ਲੈ ਕੇ ਜਾਂਦੀ ਦਿਖੀ ਸੀ ਅਤੇ ਪੁੱਛਗਿੱਛ ਦੌਰਾਨ, ਉਸਨੇ ਆਪਣਾ ਅਪਰਾਧ ਕਬੂਲ ਕਰ ਲਿਆ, ਅਤੇ ਲੜਕੀ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ। ਦੋ ਸਾਲ ਪਹਿਲਾਂ, ਜਦੋਂ ਸੈਸ਼ਨ ਅਦਾਲਤ ਨੇ ਉਸਨੂੰ ਦੋਸ਼ੀ ਪਾਇਆ ਅਤੇ ਉਸਨੂੰ ਮੌਤ ਦੀ ਸਜ਼ਾ ਸੁਣਾਈ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























