PUNJAB: ਕੈਬਨਿਟ ਮੰਤਰੀ ਧਾਲੀਵਾਲ ਨੇ ਜਨਤਾ ਦਰਬਾਰ ਲਗਾ ਕੇ ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ
ਅਧਿਕਾਰੀਆਂ ਨੂੰ ਮੌਕੇ ਤੇ ਹੀ ਮੁਸ਼ਕਲਾਂ ਹੱਲ ਕਰਨ ਦੇ ਦਿੱਤੇ ਨਿਰਦੇਸ਼
ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇ ਨਾ ਕਿ ਬਾਰ ਬਾਰ ਮੀਟਿੰਗਾਂ
ਅੰਮ੍ਰਿਤਸਰ, 4 ਫਰਵਰੀ 2025 (ਵਿਸ਼ਵ ਵਾਰਤਾ):- ਕੈਬਨਿਟ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਵਿਖੇ ਆਪਣੇ ਦਫਤਰ ਵਿੱਚ ਲਗਾਏ ਗਏ ਜਨਤਾ ਦਰਬਾਰ ਦੌਰਾਨ ਲੋਕਾਂ ਦੀਆਂ ਮ਼ਸਕਲਾਂ ਨੂੰ ਸੁਣਿਆ ਅਤੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਇਨ੍ਹਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਲੋਕਾਂ ਦੀਆਂ ਮੁਸਕਲਾਂ ਦਾ ਮੌਕੇ ਤੇ ਹੱਲ ਕਰਨਾ ਹੈ ਤਾਂ ਜੋ ਲੋਕਾਂ ਨੂੰ ਸਰਕਾਰੀ ਦਫਤਰਾਂ ਦੇ ਚੱਕਰ ਨਾ ਮਾਰਨੇ ਪੈਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀਆਂ ਸਪਸ਼ਟ ਹਦਾਇਤਾਂ ਹਨ ਕਿ ਸਾਰੇ ਮੰਤਰੀ ਅਤੇ ਵਿਧਾਇਕ ਆਪੋ ਆਪਣੇ ਹਲਕੇ ਵਿੱਚ ਜਾ ਕੇ ਲੋਕਾਂ ਦੀਆਂ ਮੁਸਕਲਾਂ ਨੂੰ ਸੁਣਨ ਅਤੇ ਉਨ੍ਹਾਂ ਦੇ ਹੱਲ ਨੂੰ ਯਕੀਨੀ ਬਣਾਉਣ।
ਇਸ ਤੋਂ ਪਹਿਲਾਂ ਸ੍ਰ ਧਾਲੀਵਾਲ ਨੇ ਅਧਿਕਾਰੀਆਂ ਨਾਲ ਅਜਨਾਲਾ ਹਲਕੇ ਦੇ ਵਿਕਾਸ ਕਾਰਜਾਂ ਦੇ ਰੀਵਿਊ ਨੂੰ ਲੈ ਕੇ ਮੀਟਿੰਗ ਕੀਤੀ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਚੱਲ ਰਹੇ ਵਿਕਾਸ ਕਾਰਜ ਸਮੇਂ ਸਿਰ ਮੁਕੰਮਲ ਕੀਤੇ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਉਹ ਰੋਜਾਨਾ ਪ੍ਰਗਤੀ ਰਿਪੋਰਟ ਲੈਣ ਅਤੇ ਵਿਕਾਸ ਕਾਰਜਾਂ ਦੀ ਗੁਣਵੱਤਾ ਨੂੰ ਸਮੇਂ ਸਮੇਂ ਸਿਰ ਚੈਕ ਕਰਨ।
ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰ ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰੇ ਨਾ ਕਿ ਬਾਰ ਬਾਰ ਮੀਟਿੰਗਾਂ ਕਰੇ। ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਗੱਲਬਾਤ ਹੋਣੀ ਚਾਹੀਦੀ ਹੈ ਪ੍ਰੰਤੂ ਬਾਰ ਬਾਰ ਗੱਲਾਂ ਹੀ ਨਹੀਂ ਕਿਸਾਨਾਂ ਦੀਆਂ ਮੰਗਾਂ ਵੀ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਬੀ:ਜੇ:ਪੀ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ ਇਹ ਵੱਡੇ ਘਰਾਣਿਆਂ ਦੀ ਸਰਕਾਰ ਹੈ ਅਤੇ ਕੇਵਲ ਉਨ੍ਹਾਂ ਦੇ ਹੀ ਕਰਜੇ ਮੁਆਫ ਕਰਦੀ ਹੈ। ਉਨ੍ਹਾਂ ਕਿਹਾ ਕਿ ਬੇ:ਜੇ:ਪੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਦੇਸ਼ ਦਾ ਅੰਨਦਾਤਾ ਸੜਕ ਤੇ ਬੈਠਾ ਹੋਇਆ ਹੈ। ਸ੍ਰ ਧਾਲੀਵਾਲ ਨੇ ਕਿਹਾ ਕਿ ਬੱਜਟ ਦੌਰਾਨ ਵੀ ਕਿਸਾਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ ਅਤੇ ਜਿੰਨਾਂ ਰਾਜਾਂ ਵਿੱਚ ਬੀ:ਜੇ:ਪੀ ਸਰਕਾਰ ਨਹੀਂ ਉਨ੍ਹਾਂ ਦਾ ਬੱਜਟ ਦੌਰਾਨ ਕੋਈ ਲਾਭ ਨਹੀਂ ਦਿੱਤਾ।
ਇਸ ਮੌਕੇ ਐਸ:ਡੀ:ਐਮ ਸ੍ਰ ਰਵਿੰਦਰ ਸਿੰਘ, ਬੀ:ਡੀ:ਪੀ:ਓ ਸ੍ਰ ਸੁਖਜੀਤ ਸਿੰਘ ਬਾਜਵਾ, ਤਹਿਸੀਲਦਾਰ ਅਕਵਿੰਦਰ ਕੌਰ, ਨਾਇਬ ਤਹਿਸੀਲਦਾਰ ਸੰਜੀਵ ਪਠਾਨੀਆਂ, ਡੀ:ਐਸ:ਪੀ ਗੁਰਵਿੰਦਰ ਸਿੰਘ ਔਲਖ, ਐਕਸੀਅਨ ਇੰਜ ਅਨੀਸ਼ਦੀਪ ਸਿੰਘ, ਸ੍ਰੀ ਗੁਰਜੰਟ ਸਿੰਘ ਸੋਹੀ, ਐਸ:ਐਚ:ਓ ਸਤਨਾਮ ਸਿੰਘ, ਐਸ:ਐਚ:ਓ ਅਰਜਨ ਕੁਮਾਰ, ਆਮ ਆਦਮੀ ਦੇ ਸ਼ਹਿਰੀ ਪ੍ਰਧਾਨ ਅਮਿਤ ਔਲ, ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਸਰਪੰਚ ਮਨਜਿੰਦਰ ਸਿੰਘ, ਸਰਪੰਚ ਮਨੂੰ ਮੱਲੀ, ਸ੍ਰ ਗੁਰਨਾਮ ਸਿੰਘ ਤੋਂ ਇਲਾਵਾ ਇਲਾਕਾ ਵਾਸੀ ਹਾਜਰ ਸਨ।