ਵਿਧਾਇਕ ਕੁਲਵੰਤ ਸਿੰਘ ਵੱਲੋਂ 48.50 ਲੱਖ ਰੁਪਏ ਦੀ ਲਾਗਤ ਨਾਲ ਸੁਹਾਣਾ ਕੈਨਾਲ ਵਾਟਰ ਰਾਈਜ਼ਿੰਗ ਮੇਨ ਪ੍ਰੋਜੈਕਟ ਦਾ ਕੰਮ ਸ਼ੁਰੂ
ਕੰਮ ਮੁਕੰਮਲ ਹੋਣ ਤੇ ਸੁਹਾਣਾ ਨੂੰ ਰੋਜ਼ਾਨਾ 13 ਲੱਖ ਲੀਟਰ ਵਾਧੂ ਨਹਿਰੀ ਪਾਣੀ ਮਿਲੇਗਾ, ਪਾਣੀ ਦੀ ਕਮੀ ਤੋਂ ਮਿਲੇਗੀ ਰਾਹਤ: ਕੁਲਵੰਤ ਸਿੰਘ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਜੂਨ (ਸਤੀਸ਼ ਕੁਮਾਰ ਪੱਪੀ);- ਵਿਧਾਇਕ ਕੁਲਵੰਤ ਸਿੰਘ ਵੱਲੋਂ ਸੁਹਾਣਾ ਪਿੰਡ ਦੀ ਵੱਧ ਰਹੀ ਆਬਾਦੀ ਅਤੇ ਪੀਣ ਵਾਲੇ ਪਾਣੀ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੰਜਾਬ ਰਾਹੀਂ 48.50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ‘ਸੁਹਾਣਾ ਕੈਨਾਲ ਵਾਟਰ ਰਾਈਜ਼ਿੰਗ ਮੇਨ ਪ੍ਰੋਜੈਕਟ’ ਦੇ ਕੰਮ ਦੀ ਅੱਜ ਸ਼ੁਰੂਆਤ ਕਰਵਾਈ ਗਈ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਵੇਲੇ ਸੁਹਾਣਾ ਨੂੰ ਪੰਜ ਟਿਊਬਵੈੱਲਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ, ਜੋ ਮੌਜੂਦਾ ਅਤੇ ਭਵਿੱਖ ਦੀਆਂ ਲੋੜਾਂ ਲਈ ਨਾਕਾਫ਼ੀ ਸਾਬਤ ਹੋ ਰਹੀ ਹੈ। ਇਸ ਲਈ ਗਮਾਡਾ ਦੀ ਕੈਨਾਲ ਵਾਟਰ ਸਪਲਾਈ ਸਕੀਮ ਨਾਲ ਪਿੰਡ ਨੂੰ ਜੋੜਨ ਲਈ ਇਹ ਰਾਈਜ਼ਿੰਗ ਮੇਨ ਪ੍ਰੋਜੈਕਟ ਉਲੀਕਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਮੁਕੰਮਲ ਹੋਣ ਉਪਰੰਤ ਸੁਹਾਣਾ ਨੂੰ ਰੋਜ਼ਾਨਾ ਕਰੀਬ 13 ਲੱਖ ਲੀਟਰ ਵਾਧੂ ਪਾਣੀ ਉਪਲਬਧ ਹੋਵੇਗਾ, ਜਿਸ ਨਾਲ ਪਿੰਡ ਵਾਸੀਆਂ ਨੂੰ ਨਿਯਮਤ ਅਤੇ ਸਾਫ਼ ਪੀਣ ਯੋਗ ਪਾਣੀ ਦੀ ਸਪਲਾਈ ਯਕੀਨੀ ਬਣੇਗੀ। ਇਸ ਨਾਲ ਪਾਣੀ ਦੇ ਘੱਟ ਪ੍ਰੈਸ਼ਰ ਅਤੇ ਘੱਟ ਮਾਤਰਾ ਦੀ ਸਮੱਸਿਆ ਦਾ ਵੀ ਸਥਾਈ ਹੱਲ ਹੋਵੇਗਾ ਅਤੇ ਟਿਊਬਵੈੱਲਾਂ ‘ਤੇ ਨਿਰਭਰਤਾ ਘਟੇਗੀ।

ਵਿਧਾਇਕ ਨੇ ਕਿਹਾ ਕਿ ਵਿਭਾਗ ਵੱਲੋਂ ਅਗਲੇ ਇੱਕ ਮਹੀਨੇ ਦੇ ਅੰਦਰ ਦੋ ਨਵੇਂ ਅੰਡਰਗਰਾਊਂਡ ਸਟੋਰੇਜ ਰਿਜ਼ਰਵਾਇਰ (ਯੂ.ਜੀ.ਐਸ.ਆਰ.) ਦੇ ਨਿਰਮਾਣ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ। ਰਾਈਜ਼ਿੰਗ ਮੇਨ ਅਤੇ ਦੋਵੇਂ ਯੂ.ਜੀ.ਐਸ.ਆਰ. ਪ੍ਰੋਜੈਕਟਾਂ ਦੀ ਕੁੱਲ ਲਾਗਤ ਲਗਭਗ 98 ਲੱਖ ਰੁਪਏ ਹੈ।
ਉਨ੍ਹਾਂ ਕਿਹਾ ਕਿ ਨਵੀਂ ਪਾਈਪਲਾਈਨ ਅਤੇ ਸਟੋਰੇਜ ਪ੍ਰਣਾਲੀ ਚਾਲੂ ਹੋਣ ਨਾਲ ਗਰਮੀਆਂ ਦੌਰਾਨ ਪਾਣੀ ਦੀ ਕਮੀ ਦੀ ਸਮੱਸਿਆ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕੇਗਾ ਅਤੇ ਪਾਣੀ ਦੀ ਵੰਡ ਪ੍ਰਣਾਲੀ ਹੋਰ ਸੁਚਾਰੂ, ਭਰੋਸੇਯੋਗ ਅਤੇ ਟਿਕਾਊ ਬਣੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸੁਹਾਣਾ ਦੇ ਨਿਵਾਸੀਆਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਅਤੇ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਣੀ ਸਪਲਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਇਸ ਮੌਕੇ ਮੋਹਾਲੀ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਆਰ.ਪੀ. ਸ਼ਰਮਾ, ਕੌਂਸਲਰ ਕਮਲਜੀਤ ਕੌਰ, ਕੌਂਸਲਰ ਸ਼ਰਨਜੀਤ ਕੌਰ, ਕੁਲਦੀਪ ਸਿੰਘ ਸਮਾਣਾ, ਸੁਰਿੰਦਰ ਸਿੰਘ ਰੋਡਾ, ਕੌਂਸਲਰ ਗੁਰਜੀਤ ਸਿੰਘ ਮਟੌਰ, ਕੌਂਸਲਰ ਹਰਪਾਲ ਸਿੰਘ ਬਰਾੜ, ਰੁਪਿੰਦਰ ਸਿੰਘ ਰੂਪਾ, ਨੰਬਰਦਾਰ ਹਰਸੰਗਤ ਸਿੰਘ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਅਤੇ ਜਗਤਾਰ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।























