ਕੁੱਲੂ ‘ਚ ਭਿਆਨਕ ਹਾਦਸਾ! 400 ਫੁੱਟ ਡੂੰਘੀ ਖੱਡ ‘ਚ ਡਿੱਗੀ ਪੰਜਾਬ ਦੇ ਸੈਲਾਨੀਆਂ ਦੀ ਕਾਰ; 2 ਦੀ ਮੌਤ
ਚੰਡੀਗੜ੍ਹ, 12 ਜੂਨ 2026 (ਵਿਸ਼ਵ ਵਾਰਤਾ): ਪੰਜਾਬੀ ਸੈਲਾਨੀਆਂ ਦੀ ਕਾਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਕਰੀਬ 400 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 8 ਸਾਲ ਦੀ ਬੱਚੀ ਸਮੇਤ 3 ਜਣੇ ਜ਼ਖਮੀ ਹੋ ਗਏ। ਇੱਕ ਜ਼ਖਮੀ ਨੂੰ ਕੁੱਲੂ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਦੋਂ ਕਿ ਗੰਭੀਰ ਰੂਪ ਵਿੱਚ ਜ਼ਖਮੀ ਦੋ ਲੋਕਾਂ ਨੂੰ ਨੇਰਚੌਕ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਇਹ ਸੈਲਾਨੀ ਮਨਾਲੀ ਘੁੰਮਣ ਆਏ ਹੋਏ ਸਨ। ਅੱਜ ਦੁਪਹਿਰ ਤੋਂ ਬਾਅਦ ਸਾਰੇ ਸੈਲਾਨੀ ਗੱਡੀ ਰਾਹੀਂ ਮਣੀਕਰਨ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੀ ਗੱਡੀ ਡੂੰਘੀ ਖੱਡ ਵਿੱਚ ਜਾ ਡਿੱਗੀ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ ਅਤੇ ਰਾਹਤ ਤੇ ਬਚਾਅ ਕਾਰਜਾਂ ਵਿੱਚ ਜੁਟ ਗਏ।
ਲੋਕਾਂ ਨੇ ਪਹਿਲਾਂ ਗੱਡੀ ਵਿੱਚ ਫਸੇ ਸੈਲਾਨੀਆਂ ਨੂੰ ਬਾਹਰ ਕੱਢਿਆ ਅਤੇ ਮਸ਼ੱਕਤ ਤੋਂ ਬਾਅਦ ਸੜਕ ਤੱਕ ਪਹੁੰਚਾਇਆ। ਇੱਕ ਸੈਲਾਨੀ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਸੀ, ਜਦੋਂ ਕਿ ਇੱਕ ਦੀ ਮੌਤ ਹਸਪਤਾਲ ਲੈ ਜਾਂਦੇ ਸਮੇਂ ਹੋਈ। ਮ੍ਰਿਤਕਾਂ ਦੀ ਪਛਾਣ ਪਰਮਿੰਦਰ ਅਤੇ ਨਿਧੀ ਵਜੋਂ ਹੋਈ ਹੈ।
ਐਸਪੀ ਕੁੱਲੂ ਮਦਨ ਲਾਲ ਨੇ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗੰਭੀਰ ਰੂਪ ਵਿੱਚ ਜ਼ਖਮੀ ਦੋ ਲੋਕਾਂ ਨੂੰ ਨੇਰਚੌਕ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























