National: 12ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਰਾਸ਼ਟਰੀ ਪੱਧਰ ਦੀ ਐਥਲੀਟ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਪੁਲਿਸ ਜਾਂਚ ‘ਚ ਜੁਟੀ
– ਅਜੇ ਦੋ ਦਿਨ ਪਹਿਲਾਂ ਹੀ ਜਿੱਤਿਆ ਸੀ ਸੋਨ ਤਮਗਾ
– ਕੱਪੜੇ ਇਕੱਠੇ ਕਰਨ ਲਈ ਗਈ ਸੀ ਬਾਲਕੋਨੀ ‘ਚ
ਗਾਜ਼ੀਆਬਾਦ, 26 ਸਤੰਬਰ (ਵਿਸ਼ਵ ਵਾਰਤਾ): ਗਾਜ਼ੀਆਬਾਦ ਦੇ ਰਾਜਨਗਰ ਐਕਸਟੈਂਸ਼ਨ ‘ਚ ਸ਼ੁੱਕਰਵਾਰ ਰਾਤ ਨੂੰ 14 ਸਾਲਾ ਵਿਦਿਆਰਥਣ ਦੀ 12ਵੀਂ ਮੰਜ਼ਿਲ ਤੋਂ ਡਿੱਗ ਕੇ ਮੌਤ ਹੋ ਗਈ। ਮ੍ਰਿਤਕ ਵਿਦਿਆਰਥਣ ਦੀ ਪਛਾਣ ਪ੍ਰਾਚੀ ਰਾਜਪੂਤ ਵੱਜੋਂ ਹੋਈ ਹੈ। ਪ੍ਰਾਚੀ ਡੀਡੀਪੀਐਸ ਸੰਜੇ ਨਗਰ ਵਿੱਚ 9ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਰਾਸ਼ਟਰੀ ਪੱਧਰ ਦੀ ਐਥਲੀਟ ਸੀ ਅਤੇ ਉਸ ਨੇ ਅਜੇ ਦੋ ਦਿਨ ਪਹਿਲਾਂ ਹੀ ਮਹਾਰਾਸ਼ਟਰ ਦੇ ਸ਼ਿਰਡੀ ਵਿੱਚ ਆਯੋਜਿਤ ਸੀਬੀਐਸਈ ਰਾਸ਼ਟਰੀ ਰੱਸੀ ਛਾਲ (ਡਬਲ ਡੱਚ ਪੇਅਰ ਫ੍ਰੀਸਟਾਈਲ ਅਤੇ ਡਬਲ ਡੱਚ ਸਿੰਗਲ ਫ੍ਰੀਸਟਾਈਲ) ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਸੀ।
ਇਹ ਘਟਨਾ ਰਾਜਨਗਰ ਰੈਜ਼ੀਡੈਂਸੀ ਸੋਸਾਇਟੀ ਦੇ ਜੀ ਟਾਵਰ ਵਿੱਚ ਵਾਪਰੀ। ਰਾਤ 9 ਵਜੇ ਦੇ ਕਰੀਬ, ਪ੍ਰਾਚੀ ਸੁੱਕ ਰਹੇ ਕੱਪੜੇ ਇਕੱਠੇ ਕਰਨ ਲਈ ਬਾਲਕੋਨੀ ਵਿੱਚ ਗਈ। ਇਸ ਦੌਰਾਨ ਹੀ ਉਹ 12ਵੀਂ ਮੰਜ਼ਿਲ ਤੋਂ ਡਿੱਗ ਪਈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਉਸਨੂੰ ਗੰਭੀਰ ਹਾਲਤ ਵਿੱਚ ਸੰਜੇ ਨਗਰ ਦੇ ਯਸ਼ੋਦਾ ਹਸਪਤਾਲ ਲੈ ਗਏ। ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਦੀ ਜਾਣਕਾਰੀ ਮਿਲਣ ‘ਤੇ, ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਵਿਦਿਆਰਥਣ ਬਾਲਕੋਨੀ ਤੋਂ ਡਿੱਗ ਪਈ ਸੀ। ਹਾਲਾਂਕਿ, ਇਹ ਹਾਦਸਾ ਸੀ ਜਾਂ ਖੁਦਕੁਸ਼ੀ, ਇਹ ਅਜੇ ਸਪੱਸ਼ਟ ਨਹੀਂ ਹੈ। ਪੁਲਿਸ ਦੋਵਾਂ ਕੋਣਾਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਏਸੀਪੀ ਨੰਦਗ੍ਰਾਮ, ਜ਼ਿਆਉਦੀਨ ਅਹਿਮਦ ਨੇ ਕਿਹਾ ਕਿ ਜਾਂਚ ਜਾਰੀ ਹੈ।
ਪ੍ਰਾਚੀ ਦੇ ਪਿਤਾ ਸੁਰੇਸ਼ ਚੰਦ ਇੱਕ ਬਹੁ-ਰਾਸ਼ਟਰੀ ਕੰਪਨੀ ਵਿੱਚ ਸਾਫਟਵੇਅਰ ਇੰਜੀਨੀਅਰ ਹਨ। ਹਾਦਸੇ ਸਮੇਂ ਉਸਦੇ ਮਾਤਾ-ਪਿਤਾ, ਛੋਟੀ ਭੈਣ ਅਤੇ ਦਾਦਾ-ਦਾਦੀ ਮੌਜੂਦ ਸਨ। ਪਰਿਵਾਰ ਦੇ ਅਨੁਸਾਰ, ਪ੍ਰਾਚੀ ਬਾਲਕੋਨੀ ਵਿੱਚ ਸੁੱਕ ਰਹੇ ਕੱਪੜੇ ਲੈਣ ਗਈ ਸੀ ਇਸ ਦੌਰਾਨ ਹੀ ਉਹ ਅਚਾਨਕ 12ਵੀਂ ਮੰਜ਼ਿਲ ਤੋਂ ਡਿੱਗ ਪਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























