Latest News: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 20 ਵਿਦਿਆਰਥੀਆਂ ਨੂੰ 1,86,000 ਰੁਪਏ ਦੇ ਦਿੱਤੇ ਵਜ਼ੀਫੇ
ਟਰੱਸਟ ਕਰ ਰਹੀ ਹੈ ਮਾਨਵਤਾ ਦੀ ਵੱਡੀ ਸੇਵਾ- ਸਕੱਤਰ ਹਰਜਿੰਦਰ ਸਿੰਘ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਸਰਹਾਲੀ ਕਲਾਂ,30 ਨਵੰਬਰ : ਸਮੁੱਚੀ ਮਾਨਵਤਾ ਦੀ ਭਲਾਈ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ,ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਚਲਦੀ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕਾਲਜ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਉੱਚਤਮ ਵਿਦਿਅਕ ਪ੍ਰਾਪਤੀਆਂ ਦੇ ਲਈ ਵਜ਼ੀਫ਼ੇ ਪ੍ਰਦਾਨ ਕੀਤੇ ਗਏ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾਕਟਰ ਐਸ ਪੀ ਸਿੰਘ ਓਬਰਾਏ ਵੱਲੋਂ 20 ਵਿਦਿਆਰਥੀਆਂ ਨੂੰ 1,86,000 ਰੁਪਏ ਦੇ ਵਜ਼ੀਫੇ ਦੇ ਚੈੱਕ ਦਿੱਤੇ ਗਏ।ਇਸ ਮੌਕੇ ਮਾਝਾ ਜੋਨ ਇਕਾਈ ਦੇ ਪ੍ਰਧਾਨ ਪ੍ਰਿੰਸ ਧੁੰਨਾ,ਜਰਨਲ ਸਕੱਤਰ ਗੁਰਪ੍ਰੀਤ ਸਿੰਘ ਪਨਗੋਟਾ,ਵਾਈਸ ਪ੍ਰਧਾਨ ਵਿਸ਼ਾਲ ਸੂਦ,ਕਰਨਦੀਪ ਸਿੰਘ ਗਿੱਲ ਅਤੇ ਗੁਰਵਿੰਦਰ ਸਿੰਘ ਬਰਵਾਲਾ ਹਾਜ਼ਰ ਸਨ। ਕਾਲਜ ਪ੍ਰਿੰਸੀਪਲ ਡਾ.ਜਸਬੀਰ ਸਿੰਘ ਗਿੱਲ ਨੇ ਉਹਨਾਂ ਦਾ ਕਾਲਜ ਪਹੁੰਚਣ ਤੇ ਹਾਰਦਿਕ ਸਵਾਗਤ ਕੀਤਾ।ਕਾਲਜ ਪ੍ਰਬੰਧਕੀ ਕਮੇਟੀ ਦੇ ਆਨਰੇਰੀ ਸਕੱਤਰ ਹਰਜਿੰਦਰ ਸਿੰਘ ਬਿੱਲਿਆਂ ਵਾਲੇ ਨੇ ਉਹਨਾਂ ਦਾ ਹਾਰਦਿਕ ਧੰਨਵਾਦ ਕਰਦਿਆਂ ਹੋਇਆ ਕਿਹਾ ਕਿ ਡਾਕਟਰ ਐਸ.ਪੀ ਸਿੰਘ ਓਬਰਾਏ ਦੀ ਰਹਿਨੁਮਾਈ ਵਿੱਚ ਚੱਲ ਰਹੀ ਟਰੱਸਟ ਮਾਨਵਤਾ ਦੀ ਵੱਡੀ ਸੇਵਾ ਕਰ ਰਹੀ ਹੈ। ਟਰੱਸਟ ਦੇ ਮਾਝਾ ਜੋਨ ਦੇ ਪ੍ਰਧਾਨ ਪ੍ਰਿੰਸ ਧੁੰਨਾ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੀਆਂ ਦੱਸਿਆ ਕਿ ਡਾਕਟਰ ਐਸ.ਪੀ ਓਬਰਾਏ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਉੱਚ ਵਿੱਦਿਆ ਹਾਸਿਲ ਕਰਨ ਦੇ ਲਈ ਆਰਥਿਕ ਸਹਾਇਤਾ ਦੇ ਨਾਲ-ਨਾਲ ਹੋਰ ਵੀ ਕਈ ਤਰ੍ਹਾਂ ਦੇ ਸਮਾਜਿਕ ਭਲਾਈ ਦੇ ਕੰਮ ਕਰ ਰਹੇ ਹਨ।ਉਹਨਾਂ ਅੱਗੇ ਦੱਸਿਆ ਕਿ ਜਿੰਨ੍ਹਾਂ ਵਿਦਿਆਰਥੀਆਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੂੰ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਵਿਸ਼ੇਸ਼ ਸਹਾਇਤਾ ਦਿੱਤੀ ਜਾਂਦੀ ਹੈ।