ਡੇਰਾ ਸੱਚਖੰਡ ਬੱਲਾਂ ਮੁਖੀ ਸੰਤ ਨਿਰੰਜਨ ਦਾਸ ‘ਪਦਮ ਸ਼੍ਰੀ’ ਅਵਾਰਡ ਨਾਲ ਸਨਮਾਨਿਤ
ਨਵੀ ਦਿੱਲੀ, 23 ਜੂਨ 2026 (ਵਿਸ਼ਵ ਵਾਰਤਾ): ਪਦਮ ਪੁਰਸਕਾਰ ਜੇਤੂਆਂ ਲਈ ਐਵਾਰਡ ਵੰਡ ਸਮਾਰੋਹ ਦਾ ਦੂਜਾ ਸੈਸ਼ਨ ਅੱਜ ਆਯੋਜਿਤ ਕੀਤਾ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ 2026 ਪਦਮ ਐਵਾਰਡਜ਼ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਡੇਰਾ ਬੱਲਾਂ ਦੇ ਸੰਤ ਨਿਰੰਜਨ ਦਾਸ ਨੂੰ ‘ਪਦਮ ਸ਼੍ਰੀ’ ਅਵਾਰਡ ਨਾਲ ਸਨਮਾਨਿਤ ਕੀਤਾ।

ਜਲੰਧਰ ਸਥਿਤ ਡੇਰਾ ਸਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਨੂੰ ਪਦਮ ਸ਼੍ਰੀ ਸਨਮਾਨ ਮਿਲਣਾ ਕੇਵਲ ਧਾਰਮਿਕ ਜਾਂ ਸਮਾਜਿਕ ਪ੍ਰਾਪਤੀ ਨਹੀਂ ਮੰਨਿਆ ਜਾ ਰਿਹਾ ਹੈ, ਸਗੋਂ ਇਸ ਨੂੰ ਪੰਜਾਬ ਦੀ ਸਿਆਸਤ ਅਤੇ ਸਮਾਜਿਕ ਸਮੀਕਰਨਾਂ ਵਿੱਚ ਇੱਕ ਵੱਡੀ ਤਬਦੀਲੀ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਇਸ ਸਨਮਾਨ ਨੇ ਜਿੱਥੇ ਰਵਿਦਾਸੀਆ ਸਮਾਜ ਦਾ ਮਨੋਬਲ ਵਧਾਇਆ ਹੈ, ਉੱਥੇ ਹੀ ਭਾਜਪਾ ਨੂੰ ਪੰਜਾਬ, ਖ਼ਾਸ ਕਰਕੇ ਦੋਆਬਾ ਖੇਤਰ ਵਿੱਚ ਦਲਿਤ ਵਰਗ ਦਰਮਿਆਨ ਨਵੀਂ ਸਿਆਸੀ ਪਕੜ ਬਣਾਉਣ ਦਾ ਮੌਕਾ ਵੀ ਦਿੱਤਾ ਹੈ।
ਦੱਸ ਦਈਏ ਕਿ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿੱਚ ਪਦਮ ਐਵਾਰਡ ਦੇ ਦੂਜੇ ਪੜਾਅ ਵਿੱਚ 65 ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ਵਿੱਚ 2 ਪਦਮ ਵਿਭੂਸ਼ਣ, 7 ਪਦਮ ਭੂਸ਼ਣ ਅਤੇ 56 ਪਦਮ ਸ਼੍ਰੀ ਦਿੱਤੇ ਗਏ।
ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਕੇ.ਟੀ. ਥਾਮਸ ਨੂੰ ਜਨ ਸੇਵਾ ਅਤੇ ਸੀਨੀਅਰ ਮਲਿਆਲਮ ਪੱਤਰਕਾਰ ਪੀ. ਨਾਰਾਇਣਨ ਨੂੰ ਸਾਹਿਤ ਦੇ ਲਈ ਪਦਮ ਵਿਭੂਸ਼ਣ ਦਿੱਤਾ ਗਿਆ। ਝਾਰਖੰਡ ਦੇ ਪਹਿਲੇ ਮੁੱਖ ਮੰਤਰੀ ਸ਼ਿਬੂ ਸੋਰੇਨ ਨੂੰ ਮਰਨ ਉਪਰੰਤ ਪਦਮ ਭੂਸ਼ਣ ਦਿੱਤਾ ਗਿਆ। ਐਵਾਰਡ ਲੈਣ ਲਈ ਉਨ੍ਹਾਂ ਦੀ ਪਤਨੀ ਰੂਪੀ ਸੋਰੇਨ ਪਹੁੰਚੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























