ਕੇਤਨ ਮੌਤ ਮਾਮਲੇ ‘ਚ ਵੱਡਾ ਖੁਲਾਸਾ! ਕੁੜੀ ਨੇ ਪ੍ਰੇਮੀ ਨਾਲ ਮਿਲ ਕੇ ਮੰਗੇਤਰ ਨੂੰ ਡੂੰਘੀ ਖੱਡ ‘ਚ ਦਿੱਤਾ ਧੱਕਾ
– ਨਵੰਬਰ ‘ਚ ਹੋਣਾ ਸੀ ਵਿਆਹ
ਨਵੀ ਦਿੱਲੀ, 23 ਜੂਨ 2026 (ਵਿਸ਼ਵ ਵਾਰਤਾ): ਇੰਦੌਰ ਦੇ ਰਾਜਾ ਰਘੂਵੰਸ਼ੀ ਹੱਤਿਆਕਾਂਡ ਤੋਂ ਬਾਅਦ ਹੁਣ ਪੁਣੇ ਤੋਂ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਬੀਤੇ 18 ਜੂਨ ਨੂੰ ਹੋਈ 26 ਸਾਲਾ ਟ੍ਰੈਕਰ ਕੇਤਨ ਵਿਸ਼ਾਲ ਅਗਰਵਾਲ ਦੀ ਮੌਤ ਦੇ ਮਾਮਲੇ ਵਿੱਚ ਬੇਹੱਦ ਹੈਰਾਨ ਕਰਨ ਵਾਲਾ ਮੋੜ ਆਇਆ ਹੈ। ਪੁਣੇ ਪੁਲਿਸ ਨੇ ਮੰਗਲਵਾਰ ਨੂੰ ਖ਼ੁਲਾਸਾ ਕੀਤਾ ਹੈ ਕਿ ਕੇਤਨ ਦੀ ਮੌਤ ਕੋਈ ਹਾਦਸਾ ਨਹੀਂ ਸੀ, ਸਗੋਂ ਇਹ ਇੱਕ ਸੋਚੀ-ਸਮਝੀ ਹੱਤਿਆ ਸੀ।
26 ਸਾਲ ਦੇ ਕੇਤਨ ਵਿਸ਼ਾਲ ਅਗਰਵਾਲ ਦੀ ਉਨ੍ਹਾਂ ਦੀ ਮੰਗੇਤਰ ਸਿਆ ਗੋਇਲ (20) ਅਤੇ ਉਸ ਦੇ ਬੁਆਏਫ੍ਰੈਂਡ ਚੇਤਨ ਚੌਧਰੀ (22) ਨੇ ਮਿਲ ਕੇ ਹੱਤਿਆ ਕਰ ਦਿੱਤੀ।ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਨੇ ਕੇਤਨ ਨੂੰ ਲੋਹਗੜ੍ਹ ਕਿਲ੍ਹੇ ਤੋਂ ਕਰੀਬ 400 ਫੁੱਟ ਡੂੰਘੀ ਖੱਡ ਵਿੱਚ ਧੱਕਾ ਦੇ ਦਿੱਤਾ ਅਤੇ ਇਸ ਨੂੰ ਇੱਕ ਹਾਦਸਾ ਦੱਸਣ ਦੀ ਕੋਸ਼ਿਸ਼ ਕੀਤੀ। ਕੇਤਨ 18 ਜੂਨ ਨੂੰ ਆਪਣੀ ਮੰਗੇਤਰ ਸਿਆ ਦੇ ਨਾਲ ਪੁਣੇ ਦੇ ਲੋਹਗੜ੍ਹ ਕਿਲ੍ਹੇ ‘ਤੇ ਟ੍ਰੈਕਿੰਗ ਦੇ ਲਈ ਗਏ ਸਨ। ਬਾਅਦ ਵਿੱਚ ਉਨ੍ਹਾਂ ਦੀ ਲਾਸ਼ ਖੱਡ ਵਿੱਚੋਂ ਬਰਾਮਦ ਹੋਈ।
ਇਹ ਪੂਰੀ ਟ੍ਰੈਕਿੰਗ ਕੇਤਨ ਦੀ ਮੰਗੇਤਰ ਦੇ ਆਉਣ ਵਾਲੇ ਜਨਮਦਿਨ ਦਾ ਜਸ਼ਨ ਮਨਾਉਣ ਲਈ ਆਯੋਜਿਤ ਕੀਤੀ ਗਈ ਸੀ, ਜਿਸ ਵਿੱਚ ਮੰਗੇਤਰ ਦੇ ਦੋ ਨਜ਼ਦੀਕੀ ਦੋਸਤ ਵੀ ਸ਼ਾਮਲ ਹੋਏ ਸਨ। ਜਿਵੇਂ-ਜਿਵੇਂ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ, ਉਨ੍ਹਾਂ ਨੂੰ ਘਟਨਾਕ੍ਰਮ ਵਿੱਚ ਕੁਝ ਸ਼ੱਕ ਪੈਦਾ ਕਰਨ ਵਾਲੇ ਤੱਥ ਮਿਲੇ। ਕੜੀਆਂ ਨੂੰ ਜੋੜਨ ‘ਤੇ ਪੁਲਿਸ ਨੂੰ ਪਤਾ ਲੱਗਿਆ ਕਿ ਕੇਤਨ ਦੀ ਮੰਗੇਤਰ ਅਤੇ ਉਸ ਦੇ ਪੁਰਸ਼ ਮਿੱਤਰ ਨੇ ਮਿਲ ਕੇ ਉਸ ਨੂੰ ਜਾਣਬੁੱਝ ਕੇ ਖੱਡ ਵਿੱਚ ਧੱਕਾ ਦਿੱਤਾ ਸੀ।
ਕੇਤਨ ਦਾ ਆਉਣ ਵਾਲੇ ਨਵੰਬਰ ਮਹੀਨੇ ਵਿੱਚ ਉਸੇ ਮੰਗੇਤਰ ਨਾਲ ਵਿਆਹ ਹੋਣ ਵਾਲਾ ਸੀ। ਦੋਵਾਂ ਪਰਿਵਾਰਾਂ ਵਿੱਚ ਵਿਆਹ ਦੀਆਂ ਤਿਆਰੀਆਂ ਵੱਡੇ ਪੱਧਰ ‘ਤੇ ਚੱਲ ਰਹੀਆਂ ਸਨ ਅਤੇ ਰਾਜਸਥਾਨ ਦੇ ਉਦੈਪੁਰ ਵਿੱਚ ਇੱਕ ਆਲੀਸ਼ਾਨ ਪੈਲੇਸ ਵੀ ਇਸ ਸ਼ਾਨਦਾਰ ਸਮਾਗਮ ਲਈ ਬੁੱਕ ਕੀਤਾ ਜਾ ਚੁੱਕਾ ਸੀ।
ਫਿਲਹਾਲ ਪੁਣੇ ਪੁਲਿਸ ਨੇ ਮੁਲਜ਼ਮ ਮੰਗੇਤਰ ਅਤੇ ਉਸ ਦੇ ਪੁਰਸ਼ ਮਿੱਤਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਹੁਣ ਹੱਤਿਆ ਦੀਆਂ ਧਾਰਾਵਾਂ ਤਹਿਤ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























