Iran ਦੀ ਸੱਤਾ ਹੁਣ ਮੋਜਤਬਾ ਦੇ ਹੱਥ! ਜਾਣੋ ਕਿੰਨੀ ਜਾਇਦਾਦ ਦੇ ਮਾਲਕ ਹਨ ਖਾਮੇਨੇਈ ਦੇ ਪੁੱਤਰ
– ਲੰਡਨ ਤੋਂ ਦੁਬਈ ਤੱਕ ਫੈਲਿਆ ਕਾਰੋਬਾਰ?
ਨਵੀ ਦਿੱਲੀ, 1 ਮਾਰਚ 2026 (ਵਿਸ਼ਵ ਵਾਰਤਾ) – ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੀ ਅਮਰੀਕਾ-ਇਜ਼ਰਾਈਲੀ ਹਮਲੇ ਵਿੱਚ ਮੌਤ ਹੋ ਗਈ। ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹੀ ਸਾਹਮਣੇ ਆ ਰਿਹਾ ਹੈ ਕਿ ਉਨ੍ਹਾਂ ਦੀ ਜਗ੍ਹਾ ਹੁਣ ਕੌਣ ਲਵੇਗਾ?
ਦੱਸ ਦਈਏ ਕਿ ਮੀਡੀਆ ਰਿਪੋਰਟਸ ਅਨੁਸਾਰ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਾਮੇਨੇਈ ਦੀ ਮੌਤ ਤੋਂ ਬਾਅਦ ਹੁਣ ਸੱਤਾ ਮੋਜਤਬਾ ਖਾਮੇਨੇਈ ਦੇ ਹੱਥਾਂ ਵਿੱਚ ਦੇਣ ਦੀ ਚਰਚਾ ਹੈ। 56 ਸਾਲਾ ਮੋਜਤਬਾ ਖਾਮੇਨੇਈ ਪਿਛਲੇ ਕੁਝ ਦਹਾਕਿਆਂ ਵਿੱਚ ਈਰਾਨੀ ਰਾਜਨੀਤੀ ਵਿੱਚ ਇੱਕ ਸ਼ਕਤੀਸ਼ਾਲੀ ਸ਼ਖਸੀਅਤ ਵਜੋਂ ਉਭਰੇ ਹਨ। ਮੋਜਤਬਾ ਦੇ ਸਰਕਾਰ ਵਿੱਚ ਕਿਸੇ ਅਹੁਦੇ ‘ਤੇ ਨਾ ਹੋਣ ਦੇ ਬਾਵਜੂਦ ਵੀ ਅਹਿਮ ਫੈਸਲਿਆਂ ਵਿੱਚ ਲਗਾਤਾਰ ਉਨ੍ਹਾਂ ਦੀ ਭਾਗੀਦਾਰੀ ਦੇਖੀ ਗਈ ਹੈ।
ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੋਜਤਬਾ ਖਾਮੇਨੇਈ ਉਂਝ ਤਾਂ ਆਪਣੇ ਪਿਤਾ ਦੀ ਤਰ੍ਹਾਂ ਹੀ ਇੱਕ ਸ਼ੀਆ ਧਰਮ ਗੁਰੂ ਹਨ, ਪਰ ਉਹ ਇੱਕ ਲਗਜ਼ਰੀ ਜ਼ਿੰਦਗੀ ਜਿਊਂਦੇ ਹਨ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੋਜਤਬਾ ਖਾਮੇਨੇਈ ਯੂਰਪ ਅਤੇ ਮੱਧ ਪੂਰਬ ਦੇ ਕਈ ਦੇਸ਼ਾਂ ਵਿੱਚ ਫੈਲੇ ਇੱਕ ਵੱਡੇ ਰੀਅਲ ਅਸਟੇਟ ਸਾਮਰਾਜ ਨੂੰ ਚਲਾਉਂਦੇ ਹਨ, ਜਿਸ ਵਿੱਚ ਦੁਬਈ ਵਿੱਚ ਆਲੀਸ਼ਾਨ ਜਾਇਦਾਦਾਂ ਅਤੇ ਵੱਖ-ਵੱਖ ਯੂਰਪੀਅਨ ਸ਼ਹਿਰਾਂ ਵਿੱਚ ਆਲੀਸ਼ਾਨ ਹੋਟਲ ਸ਼ਾਮਲ ਹਨ।
ਰਿਪੋਰਟ ਦੇ ਅਨੁਸਾਰ ਮੋਜਤਬਾ ਉੱਤਰੀ ਲੰਡਨ ਦੇ ਬਿਸ਼ਪਸ ਐਵੇਨਿਊ ਵਿੱਚ ਆਲੀਸ਼ਾਨ ਘਰਾਂ ਦੇ ਮਾਲਕ ਹਨ। ਇਹ ਬ੍ਰਿਟੇਨ ਦੀ ਰਾਜਧਾਨੀ ਦੇ ਸਭ ਤੋਂ ਮਹਿੰਗੇ ਇਲਾਕਿਆਂ ਵਿੱਚੋਂ ਇੱਕ ਹੈ। ਬਲੂਮਬਰਗ ਦੀ ਰਿਪੋਰਟ ਅਨੁਸਾਰ, ਮੋਜਤਬਾ ਖਾਮੇਨੇਈ ਦੇ ਰੀਅਲ ਅਸਟੇਟ ਪੋਰਟਫੋਲੀਓ ਵਿੱਚ ਲੰਡਨ ਵਿੱਚ 138 ਮਿਲੀਅਨ ਡਾਲਰ ਤੋਂ ਵੱਧ ਦੀ ਕੀਮਤ ਵਾਲੀ ਆਲੀਸ਼ਾਨ ਜਾਇਦਾਦ, ਦੁਬਈ ਦੇ ਪੌਸ਼ ਇਲਾਕੇ ਵਿੱਚ ਇੱਕ ਵਿਲਾ ਅਤੇ ਫਰੈਂਕਫਰਟ ਤੇ ਮੇਜਰਕਾ ਵਿੱਚ ਉੱਚ-ਪੱਧਰੀ ਹੋਟਲ ਸ਼ਾਮਲ ਹਨ।






















