ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ! ਸਟਾਰ ਖਿਡਾਰੀ ਹੋਇਆ ਬਾਹਰ
ਚੰਡੀਗੜ੍ਹ, 26 ਅਕਤੂਬਰ 2026 (ਵਿਸ਼ਵ ਵਾਰਤਾ): ਪੁਰਸ਼ਾਂ ਦੀ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ 2026 ਦਾ ਆਗਾਜ਼ ਮੰਗਲਵਾਰ ਤੋਂ ਹੋਵੇਗਾ। ਇਸ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਤਜਰਬੇਕਾਰ ਮਿਡਫ਼ੀਲਡਰ ਮਨਪ੍ਰੀਤ ਸਿੰਘ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਵਿਵੇਕ ਸਾਗਰ ਪ੍ਰਸਾਦ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਦੱਸ ਦਈਏ ਕਿ ਛੇ ਟੀਮਾਂ ਦਾ ਇਹ ਮੁਕਾਬਲਾ 27 ਅਕਤੂਬਰ ਤੋਂ 5 ਨਵੰਬਰ ਤੱਕ ਪੰਜਾਬ ਦੇ ਜਲੰਧਰ ਅਤੇ ਮੋਹਾਲੀ ਵਿੱਚ ਖੇਡਿਆ ਜਾਵੇਗਾ। ਮੇਜ਼ਬਾਨ ਭਾਰਤ ਦੀ ਨਜ਼ਰ ਘਰੇਲੂ ਮੈਦਾਨ ‘ਤੇ ਖ਼ਿਤਾਬ ਬਚਾਉਣ ਅਤੇ ਏਸ਼ੀਆਈ ਹਾਕੀ ਵਿੱਚ ਆਪਣਾ ਦਬਦਬਾ ਕਾਇਮ ਰੱਖਣ ‘ਤੇ ਹੋਵੇਗੀ।
ਟੂਰਨਾਮੈਂਟ ਦੇ ਪਹਿਲੇ ਗੇੜ ਦੇ ਮੁਕਾਬਲੇ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਖੇਡੇ ਜਾਣਗੇ, ਜਦਕਿ ਸੈਮੀਫ਼ਾਈਨਲ ਮੁਕਾਬਲਿਆਂ ਦੀ ਮੇਜ਼ਬਾਨੀ ਮੋਹਾਲੀ ਦਾ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਕਰੇਗਾ। ਟੂਰਨਾਮੈਂਟ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਸਾਰੀਆਂ 6 ਟੀਮਾਂ ਦੇ ਕਪਤਾਨਾਂ ਨੇ ਪ੍ਰੈੱਸ ਕਾਨਫ਼ਰੰਸਕੀਤੀ।
ਸਾਰੇ ਕਪਤਾਨਾਂ ਨੇ ਆਪਣੀਆਂ-ਆਪਣੀਆਂ ਟੀਮਾਂ ਦੀਆਂ ਤਿਆਰੀਆਂ ‘ਤੇ ਭਰੋਸਾ ਜਤਾਇਆ ਹੈ ਅਤੇ ਮੈਦਾਨ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦਾ ਦਾਅਵਾ ਕੀਤਾ ਹੈ। ਜਲੰਧਰ ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























