ਹਰਿਆਣਾ ‘ਚ ਗੁਰਸਿਮਰਨ ਸਿੰਘ ਮੰਡ ਨਾਲ ਕੁੱਟਮਾਰ; ਗੱਡੀ ਦੀ ਵੀ ਭੰਨਤੋੜ
ਹਰਿਆਣਾ, 7 ਅਗਸਤ (ਵਿਸ਼ਵ ਵਾਰਤਾ): ਹਰਿਆਣਾ ਦੇ ਅੰਬਾਲਾ ‘ਚ ਲੁਧਿਆਣਾ ਦੇ ਹਿੰਦੂ ਨੇਤਾ ਅਤੇ ‘ਇੰਟਰਨੈਸ਼ਨਲ ਐਂਟੀ ਖਾਲਿਸਤਾਨੀ ਟੈਰਰਿਸਟ ਫਰੰਟ’ ਦੇ ਪ੍ਰਧਾਨ ਗੁਰਸਿਮਰਨ ਸਿੰਘ ਮੰਡ ‘ਤੇ ਦਾ ਵਿਰੋਧ ਕੀਤਾ ਗਿਆ । ਇਸ ਦੌਰਾਨ ਉਨ੍ਹਾਂ ‘ਤੇ ਹਮਲਾ ਹੋਣ ਦੀ ਵੀ ਖਬਰ ਹੈ। ਰਿਪੋਰਟਸ ਅਨੁਸਾਰ ਹਮਲਾਵਰ ਉਨ੍ਹਾਂ ਦੀ ਗੱਡੀ ਰੋਕ ਕੇ ਵਿੰਡਸ਼ੀਲਡ ‘ਤੇ ਪੈਰਾਂ ਨਾਲ ਹਮਲਾ ਕਰਨ ਲੱਗੇ। ਇਸ ਘਟਨਾ ‘ਚ ਗੁਰਸਿਮਰਨ ਸਿੰਘ ਮੰਡ ਜ਼ਖਮੀ ਹੋ ਗਏ।
ਦਰਅਸਲ, ਅੱਜ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਿਹਾੜੇ ਦੇ ਮੌਕੇ ‘ਤੇ ਅੰਬਾਲਾ ਦੇ ਪੰਜੋਖਰਾ ਸਾਹਿਬ ਗੁਰਦੁਆਰਾ ਵਿਖੇ ਸਮਾਗਮ ਚੱਲ ਰਿਹਾ ਸੀ, ਇਸੇ ਦੌਰਾਨ ਪੰਜਾਬ ਤੋਂ ਹਿੰਦੂ ਨੇਤਾ ਗੁਰਸਿਮਰਨ ਸਿੰਘ ਮੰਡ ਪੰਜੋਖਰਾ ਸਾਹਿਬ ਗੁਰਦੁਆਰਾ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਸੁਰੱਖਿਆ (ਸਿਕਿਓਰਿਟੀ) ਨੂੰ ਘੇਰ ਲਿਆ ਗਿਆ ਅਤੇ ਉਨ੍ਹਾਂ ਦਾ ਵਿਰੋਧ ਕੀਤਾ ਗਿਆ।
ਹਮਲੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਕੁਝ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਗੱਡੀ ‘ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ। ਕਾਫ਼ੀ ਮੁਸ਼ੱਕਤ ਤੋਂ ਬਾਅਦ ਸੁਰੱਖਿਆ ਵਿੱਚ ਤਾਇਨਾਤ ਜਵਾਨਾਂ ਨੇ ਉਨ੍ਹਾਂ ਨੂੰ ਭੀੜ ਤੋਂ ਬਚਾ ਕੇ ਗੱਡੀ ਵਿੱਚੋਂ ਬਾਹਰ ਕੱਢਿਆ, ਜਿਸ ਤੋਂ ਬਾਅਦ ਉਹ ਸੜਕ ‘ਤੇ ਭੱਜਦੇ ਹੋਏ ਨਜ਼ਰ ਆਏ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਪੰਜੋਖਰਾ ਅਤੇ ਪੁਲਿਸ ਦੀ ਟੀਮ ਪੰਜੋਖਰਾ ਗੁਰਦੁਆਰਾ ਵਿਖੇ ਪਹੁੰਚੀ । ਇਸ ਘਟਨਾ ਵਿੱਚ ਗੁਰਸਿਮਰਨ ਸਿੰਘ ਮੰਡ, ਉਨ੍ਹਾਂ ਦਾ ਇੱਕ ਸਾਥੀ ਅਤੇ ਹਰਿਆਣਾ ਪੁਲਿਸ ਦੇ ਕਈ ਮੁਲਾਜ਼ਮ ਜ਼ਖਮੀ ਹੋ ਗਏ। ਪੁਲਿਸ ਕਰਮਚਾਰੀਆਂ ਨੇ ਗੁਰਸਿਮਰਨ ਸਿੰਘ ਮੰਡ ਅਤੇ ਉਨ੍ਹਾਂ ਦੇ ਸਾਥੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਸਿਮਰਨ ਸਿੰਘ ਮੰਡ ਨੇ ਦੱਸਿਆ ਕਿ ਉਹ ਅੱਜ ਗੁਰਦੁਆਰਾ ਪੰਜੋਖਰਾ ਸਾਹਿਬ ਪਹੁੰਚੇ ਸਨ, ਇਸ ਦੌਰਾਨ ਉਨ੍ਹਾਂ ਦੀ ਗੱਡੀ ਨੂੰ ਲੋਕਾਂ ਨੇ ਘੇਰ ਲਿਆ ਅਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਪੁਲਿਸ ਦੇ ਜਵਾਨ ਮੌਕੇ ‘ਤੇ ਪਹੁੰਚੇ ਪਰ ਉਦੋਂ ਤੱਕ ਗੱਡੀ ਦੀ ਭੰਨਤੋੜ ਕੀਤੀ ਜਾ ਚੁੱਕੀ ਸੀ, ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੁੱਤਰ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਗੱਡੀ ਵਿੱਚ ਜੋ ਸਾਮਾਨ ਸੀ ਉਹ ਚੁੱਕ ਲਿਆ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























