ਸਰਕਾਰ ਨੇ ਮੈਟਾ ਦੀ ਗਲੋਬਲ ਟੀਮ ਨੂੰ ਕੀਤਾ ਤਲਬ, ਮੰਗਿਆ ਸਪੱਸ਼ਟੀਕਰਨ
ਨਵੀ ਦਿੱਲੀ, 4 ਅਗਸਤ 2026 (ਵਿਸ਼ਵ ਵਾਰਤਾ): ਕੇਂਦਰ ਸਰਕਾਰ ਨੇ ਮੈਟਾ ਦੇ ਖ਼ਿਲਾਫ਼ ਸਖ਼ਤ ਰੁਖ਼ ਅਪਣਾਇਆ ਹੈ। ਸਰਕਾਰ ਨੇ ਕੰਪਨੀ ਦੀ ਗਲੋਬਲ ਟੀਮ ਨੂੰ ਭਾਰਤ ਤਲਬ ਕੀਤਾ ਹੈ ਅਤੇ 5 ਅਤੇ 6 ਅਗਸਤ ਨੂੰ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਇਸ ਬੈਠਕ ਵਿੱਚ ਸਰਕਾਰ ਪੂਰੇ ਮਾਮਲੇ ‘ਤੇ ਮੈਟਾ ਤੋਂ ਜਵਾਬ ਮੰਗੇਗੀ ਅਤੇ ਵਿਵਾਦ ਨਾਲ ਜੁੜੇ ਸਾਰੇ ਪਹਿਲੂਆਂ ‘ਤੇ ਚਰਚਾ ਕਰੇਗੀ। ਪਿਛਲੇ ਕੁਝ ਦਿਨਾਂ ਤੋਂ ਮੈਟਾ ਅਤੇ ਭਾਰਤ ਸਰਕਾਰ ਵਿਚਾਲੇ ਵਿਵਾਦ ਲਗਾਤਾਰ ਚਰਚਾ ਵਿੱਚ ਹੈ।
ਮੰਨਿਆ ਜਾ ਰਿਹਾ ਹੈ ਕਿ ਇਹ ਬੈਠਕ ਹਾਲ ਹੀ ਵਿੱਚ ਫੇਸਬੁੱਕ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਵੀਡੀਓ ਪੋਸਟ ਦੇ ਕੁਝ ਸਮੇਂ ਲਈ ਹਟ ਜਾਣ ਦੇ ਵਿਵਾਦ ਤੋਂ ਬਾਅਦ ਤੈਅ ਕੀਤੀ ਗਈ ਹੈ। ਇਸ ਘਟਨਾ ਤੋਂ ਬਾਅਦ ਸਰਕਾਰ ਨੇ ਮੈਟਾ (Meta) ਦੇ ਪਲੇਟਫਾਰਮਾਂ ਦੀ ਕੰਟੈਂਟ ਮੋਡਰੇਸ਼ਨ ਨੀਤੀਆਂ, ਆਟੋਮੇਟਿਡ ਸਿਸਟਮ ਅਤੇ ਬਿੱਗ-ਟੈੱਕ ਕੰਪਨੀਆਂ ਦੀ ਜਵਾਬਦੇਹੀ ‘ਤੇ ਨਿਗਰਾਨੀ ਸਖ਼ਤ ਕਰ ਦਿੱਤੀ ਹੈ।
ਦੱਸ ਦਈਏ ਕਿ ਪੀਐੱਮ ਮੋਦੀ ਨੇ 23 ਜੁਲਾਈ ਨੂੰ ਪੇਪਰ ਲੀਕ ਨੂੰ ਗੰਭੀਰ ਮੁੱਦਾ ਦੱਸਦਿਆਂ ਇੱਕ ਵੀਡੀਓ ਜਾਰੀ ਕੀਤਾ ਸੀ। ਇਸ ਨੂੰ ਮੈਟਾ ਨੇ ਹਟਾ ਦਿੱਤਾ ਸੀ। ਪਰ ਬਾਅਦ ਵਿੱਚ ਉਸ ਨੂੰ ਰੀਸਟੋਰ ਕਰ ਦਿੱਤਾ ਗਿਆ। ਮੈਟਾ ਨੇ ਆਪਣੀ ਸਫ਼ਾਈ ਵਿੱਚ ਕਿਹਾ ਕਿ ਅਸਲ ਵਿੱਚ, ਇਹ ਇੱਕ ਤਕਨੀਕੀ ਖ਼ਰਾਬੀ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























