ਭਗਤ ਰਵਿਦਾਸ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਰੋਨ ਸ਼ੋਅ 3 ਸਤੰਬਰ ਨੂੰ ਬੁਢਲਾਡਾ ‘ਚ
MLA ਪ੍ਰਿੰਸੀਪਲ ਬੁੱਧਰਾਮ ਵੱਲੋਂ ਇਤਿਹਾਸਕ ਸਮਾਗਮ ਨੂੰ ਸਫ਼ਲ ਬਣਾਉਣ ਲਈ ਹਲਕੇ ਦੇ ਸਮੂਹ ਬਲਾਕ ਪ੍ਰਧਾਨਾਂ ਨਾਲ ਅਹਿਮ ਮੀਟਿੰਗ
ਚੰਡੀਗੜ੍ਹ, 31 ਅਗਸਤ (ਵਿਸ਼ਵ ਵਾਰਤਾ) ਭਗਤ ਰਵਿਦਾਸ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਕੁੱਲ 92 ਸ਼ਾਨਦਾਰ ਡਰੋਨ ਸ਼ੋਅ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦੀ ਸ਼ੁਰੂਆਤ 1 ਸਤੰਬਰ 2026 ਤੋਂ ਹੋ ਰਹੀ ਹੈ। ਹਰੇਕ ਸ਼ੋਅ ਵਿੱਚ 500 ਤੋਂ ਵੱਧ ਡਰੋਨ ਅਸਮਾਨ ਵਿੱਚ ਇੱਕੋ ਸਮੇਂ ਆਪਣੀ ਪੇਸ਼ਕਾਰੀ ਕਰਨਗੇ। ਡਿਜੀਟਲ ਤਕਨੀਕ ਰਾਹੀਂ ਰਾਤ ਦੇ ਸਮੇਂ ਅਸਮਾਨ ਵਿੱਚ ਭਗਤ ਰਵਿਦਾਸ ਦੀ ਬਾਣੀ, ਜੀਵਨ ਅਤੇ ਸਿੱਖਿਆਵਾਂ ਨੂੰ ਦਰਸਾਇਆ ਜਾਵੇਗਾ, ਤਾਂ ਜੋ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਭਗਤ ਰਵਿਦਾਸ ਦੇ ਮਹਾਨ ਸੰਦੇਸ਼ ਨਾਲ ਜੋੜਿਆ ਜਾ ਸਕੇ।

ਇਸੇ ਲੜੀ ਵਿੱਚ 3 ਸਤੰਬਰ, ਦਿਨ ਵੀਰਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ, ਬੁਢਲਾਡਾ ਵਿਖੇ ਭਗਤ ਰਵਿਦਾਸ ਦੀ ਮਹਾਨ ਜੀਵਨੀ ਅਤੇ ਉਨ੍ਹਾਂ ਵੱਲੋਂ ਦਿੱਤੀਆਂ ਮਨੁੱਖਤਾ, ਸਮਾਨਤਾ ਅਤੇ ਭਾਈਚਾਰੇ ਦੀਆਂ ਸਿੱਖਿਆਵਾਂ ਨੂੰ ਆਧੁਨਿਕ ਤਕਨੀਕ ਰਾਹੀਂ ਦਰਸਾਉਣ ਲਈ ਇੱਕ ਵਿਸ਼ਾਲ ਡ੍ਰੋਨ ਸ਼ੋਅ ਕਰਵਾਇਆ ਜਾ ਰਿਹਾ ਹੈ। ਜਿਸ ਦੇ ਮੱਦੇਨਜ਼ਰ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਵੱਲੋਂ ਤਿਆਰੀਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਇਸੇ ਸੰਬੰਧ ਵਿੱਚ ਉਹਨਾਂ ਨੇ ਅੱਜ ਇਸ ਇਤਿਹਾਸਕ ਸਮਾਗਮ ਨੂੰ ਸਫ਼ਲ ਬਣਾਉਣ ਅਤੇ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਹਲਕੇ ਦੇ ਸਮੂਹ ਬਲਾਕ ਪ੍ਰਧਾਨਾਂ ਨਾਲ ਅਹਿਮ ਮੀਟਿੰਗ ਕੀਤੀ । ਮੀਟਿੰਗ ਦੌਰਾਨ ਪਿੰਡ-ਪਿੰਡ ਤੱਕ ਪਹੁੰਚ ਕਰਕੇ ਲੋਕਾਂ ਨੂੰ ਇਸ ਵਿਲੱਖਣ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਦੀਆਂ ਮਹਾਨ ਸਿੱਖਿਆਵਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
https://www.facebook.com/100063586726410/posts/1671439851652223/?app=fbl























