ਚੰਡੀਗੜ੍ਹ ਪ੍ਰਸ਼ਾਸਨ ਦਾ ਅਹਿਮ ਫ਼ੈਸਲਾ: 2 ਵੱਡੇ ਪ੍ਰੋਜੈਕਟਾਂ ਨੂੰ ਮਨਜ਼ੂਰੀ
ਚੰਡੀਗੜ੍ਹ, 6 ਅਗਸਤ 2026 (ਵਿਸ਼ਵ ਵਾਰਤਾ): ਸਿਟੀ ਬਿਊਟੀਫੁਲ ਚੰਡੀਗੜ੍ਹ ਨੂੰ ਦੋ ਵੱਡੀਆਂ ਸੌਗਾਤਾਂ ਮਿਲੀਆਂ ਹਨ। ਚੀਫ਼ ਸੈਕਟਰੀ ਐੱਚ. ਰਾਜੇਸ਼ ਪ੍ਰਸਾਦ ਦੀ ਪ੍ਰਧਾਨਗੀ ਹੇਠ ਹੋਈ ਅਪ੍ਰੇਜ਼ਲ ਕਮੇਟੀ ਦੀ ਬੈਠਕ ਵਿੱਚ ਲਗਭਗ 28.87 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਖੇਡ ਸਹੂਲਤਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਵਿਕਸਿਤ ਕਰਨ ਅਤੇ ਸ਼ਹਿਰ ਦੀਆਂ ਸਰਹੱਦਾਂ ‘ਤੇ ਸੁਰੱਖਿਆ ਵਿਵਸਥਾ ਮਜ਼ਬੂਤ ਕਰਨ ਲਈ 2 ਅਹਿਮ ਪ੍ਰੋਜੈਕਟਾਂ ਨੂੰ ਪ੍ਰਸ਼ਾਸਕੀ ਅਤੇ ਵਿੱਤੀ ਮਨਜ਼ੂਰੀ ਦੇ ਦਿੱਤੀ ਹੈ।
ਲਗਭਗ 22.93 ਕਰੋੜ ਰੁਪਏ ਦੀ ਲਾਗਤ ਨਾਲ ਸੈਕਟਰ-7 ਸਪੋਰਟਸ ਕੰਪਲੈਕਸ ਦਾ ਆਧੁਨਿਕੀਕਰਨ ਕੀਤਾ ਜਾਵੇਗਾ। ਸਾਲ 2027 ਵਿੱਚ ਪ੍ਰਸਤਾਵਿਤ ਏਸ਼ੀਅਨ ਰਿਲੇਅ ਚੈਂਪੀਅਨਸ਼ਿਪ ਅਤੇ ਹੋਰ ਰਾਸ਼ਟਰੀ-ਅੰਤਰਰਾਸ਼ਟਰੀ ਅਥਲੈਟਿਕਸ ਮੁਕਾਬਲਿਆਂ ਦੀ ਮੇਜ਼ਬਾਨੀ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਵਿਕਸਿਤ ਕੀਤੀਆਂ ਜਾਣਗੀਆਂ।
ਇਸ ਤੋਂ ਇਲਾਵਾ ਸ਼ਹਿਰ ਦੀਆਂ ਸਰਹੱਦਾਂ ‘ਤੇ ਸੁਰੱਖਿਆ ਵਿਵਸਥਾ ਮਜ਼ਬੂਤ ਕਰਨ ਲਈ 15 ਸਥਾਈ ਸਕਿਓਰਿਟੀ ਚੈੱਕ ਪੋਸਟਾਂ ਵੀ ਬਣਾਈਆਂ ਜਾਣਗੀਆਂ। ਪ੍ਰਸ਼ਾਸਨ ਅਨੁਸਾਰ, ਸੀ.ਆਰ.ਪੀ.ਐੱਫ., ਚੰਡੀਗੜ੍ਹ ਪੁਲਿਸ, ਅਰਬਨ ਪਲੈਨਿੰਗ ਅਤੇ ਇੰਜੀਨੀਅਰਿੰਗ ਵਿਭਾਗ ਦੇ ਸਾਂਝੇ ਨਿਰੀਖਣ ਤੋਂ ਬਾਅਦ ਇਹਨਾਂ ਚੈੱਕ ਪੋਸਟਾਂ ਦੇ ਨਿਰਮਾਣ ਦਾ ਫ਼ੈਸਲਾ ਲਿਆ ਗਿਆ ਹੈ।
ਇਹਨਾਂ ਆਰ.ਸੀ.ਸੀ. (RCC) ਚੈੱਕ ਪੋਸਟਾਂ ਵਿੱਚ ਕੰਟਰੋਲ ਰੂਮ, ਰਿਕਾਰਡ ਰੂਮ, ਸੁਰੱਖਿਆ ਕਰਮਚਾਰੀਆਂ ਲਈ ਬੈਰਕ ਅਤੇ ਆਰਾਮ ਕਮਰਾ, ਪੈਂਟਰੀ ਅਤੇ ਟਾਇਲਟ ਵਰਗੀਆਂ ਸਹੂਲਤਾਂ ਉਪਲਬਧ ਹੋਣਗੀਆਂ। ਇਸ ਨਾਲ ਸਰਹੱਦੀ ਖੇਤਰਾਂ ਵਿੱਚ 24 ਘੰਟੇ ਨਿਗਰਾਨੀ ਰੱਖਣ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਬਿਹਤਰ ਕੰਮ ਦਾ ਮਾਹੌਲ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























