ਪੰਜਾਬ ਦੇ ਲੋਕ ਬਦਲਾਅ ਦੇ ਝਾਂਸੇ ‘ਚ ਆਪ ਨੂੰ ਵੋਟਾਂ ਪਾ ਕੇ ਪਛਤਾਅ ਰਹੇ ਹਨ : ਰਾਜਾ ਵੜਿੰਗ

ਜਲੰਧਰ, 4 ਮਈ 2023( ਵਿਸ਼ਵ ਵਾਰਤਾ)-: ਅੱਜ ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਦੇ ਪ੍ਰਚਾਰ ਲਈ ਵਿਧਾਨ ਸਭਾ ਹਲਕਾ ਫਿਲੌਰ ਦੇ ਪਿੰਡ ਬੁੰਡਾਲਾ ਵਿਖੇ ਸਰਪੰਚ ਸਰਬਜੀਤ ਸਿੰਘ ਆਜਾਦ ਵੱਲੋਂ ਕਾਂਗਰਸ ਪਾਰਟੀ ਦੇ ਹੱਕ ‘ਚ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਖਾਸ ਤੌਰ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵਿਸ਼ੇਸ਼ ਤੌਰ ‘ਤੇ ਪੁੱਜੇ, ਉੱਥੇ ਇਲਾਕੇ ਪਤਵੰਤੇ ਲੋਕ ਪ੍ਰਧਾਨ ਬਲਵਿੰਦਰ ਸਿੰਘ, ਇੰਦਰਜੀਤ ਸਿੰਘ ਪੰਚ, ਮੀਨਾ ਕੁਮਾਰੀ, ਗਗਨਦੀਪ ਸਿੰਘ, ਪੰਚ ਬਲਜੀਤ ਸਿੰਘ ਬਿੱਲਾ, ਜਸਵਿੰਦਰ ਸਿੰਘ ਜੱਸਾ ਆਦਿ ਹਾਜ਼ਰ ਰਹੇ। ਇਸ ਮੌਕੇ ਰਾਜਾ ਵੜਿੰਗ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੂਰੇ ਜਲੰਧਰ ‘ਚ ਚੋਣ ਪ੍ਰਚਾਰ ਦੌਰਾਨ ਕਾਂਗਰਸ ਪ੍ਰਤੀ ਲੋਕਾਂ ਦਾ ਪਿਆਰ, ਸਤਿਕਾਰ ਤੇ ਸਮੱਰਥਨ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਕਾਂਗਰਸ ਜਲੰਧਰ ਤੋਂ ਭਾਰੀ ਬਹੁਮਤ ਨਾਲ ਜਿੱਤ ਰਹੀ ਹੈ ਕਿਉਂਕਿ ਲੋਕਾਂ ਦਾ ਵਿਸ਼ਵਾਸ਼ ਕਾਂਗਰਸ ਪਾਰਟੀ ਪ੍ਰਤੀ ਬਰਕਾਰ ਹੈ ਪੰਜਾਬ ਦੇ ਲੋਕ ਬਦਲਾਅ ਦੇ ਝਾਂਸੇ ‘ਚ ਆਪ ਨੂੰ ਵੋਟਾਂ ਪਾ ਕੇ ਪਛਤਾਅ ਰਹੇ ਹਨ।
ਉਹਨਾ ਕਿਹਾ ਕਿ ਸੂਬਾ ਸਰਕਾਰ ਹਰ ਮੁਕਾਮ ‘ਤੇ ਫੇਲ੍ਹ ਸਾਬਿਤ ਹੋਈ ਹੈ ਸਰਕਾਰ ਨੇ ਲੋਕਾਂ ਦਾ ਨਾਲ ਕੀਤੀਆਂ ਗਰੰਟੀਆਂ ਤਾਂ ਕੀ ਪੂਰੀਆਂ ਕਰਨੀਆਂ ਸਨ ਉਲਟਾ ਸੂਬੇ ਦੀ ਕਾਨੂੰਨੀ ਵਿਵਸਥਾ ਨੂੰ ਗ੍ਰਹਿਣ ਲਗਾ ਦਿੱਤਾ ਹੈ ਆਏ ਦਿਨ ਹੁੰਦੀਆਂ ਵਾਰਦਾਤਾਂ ਕਾਰਨ ਪੰਜਾਬ ਦੇ ਲੋਕ ਡਰ ਦੇ ਮਾਹੌਲ ‘ਚ ਜੀਵਨ ਬਤੀਤ ਕਰ ਰਹੇ ਹਨ। ਇਸੇ ਤਰ੍ਹਾਂ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਦੇ ਸਾਸ਼ਨਕਾਲ ‘ਚ ਦੇਸ਼ ਦੇ ਲੋਕ ਦੁਖੀ ਹਨ, ਵੱਧਦੀ ਮਹਿੰਗਾਈ ਤੇ ਬੇਰੁਜ਼ਗਾਰੀ ਨੇ ਦੇਸ਼ ਨੂੰ ਅੰਦਰੂਨੀ ਤੌਰ ‘ਤੇ ਕਮਜ਼ੋਰ ਕੀਤਾ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੱਛੇਦਾਰ ਭਾਸ਼ਣਾ ਨਾਲ ਲੋਕਾਂ ਦਾ ਢਿੱਡ ਭਰਨ ਦੀ ਸੋਚਦੇ ਹਨ ਜੋ ਕਿ ਹੁਣ ਨਹੀੰ ਹੋਵੇਗਾ, ਪੰਜਾਬ ਦੇ ਲੋਕ ਭਾਜਪਾ ਨੂੰ ਵੀ ਕਰਾਰਾ ਜਵਾਬ ਦੇਣਗੇ। ਕਾਂਗਰਸ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 10 ਮਈ ਨੂੰ ਹੱਥ ਪੰਜੇ ਵਾਲਾ ਬਟਨ ਦੱਬ ਕੇ ਕਾਂਗਰਸ ਉਮੀਦਵਾਰ ਨੂੰ ਜੇਤੂ ਬਣਾਉਣ ਤਾਂ ਜੋ ਲੋਕ ਵਿਰੋਧੀ ਭਾਜਪਾ ਤੇ ਆਪ ਨੂੰ ਸਬਕ ਸਿਖਾਇਆ ਜਾਵੇ।























