ਅੰਗਰੇਜ਼ੀ ਭਾਸ਼ਾ ਦੀ ਪਰਪੱਕਤਾ ਲਈ ਸਿੱਖਿਆ ਵਿਭਾਗ ਦੇ ਤਜਰਬੇ ਹੋਏ ਸਫਲ
ਮਾਨਸਾ 2 ਅਗਸਤ( ਵਿਸ਼ਵ ਵਾਰਤਾ )- : ਮਾਤਾ ਭਾਸ਼ਾ ਦੇ ਨਾਲ ਨਾਲ ਅੰਗਰੇਜ਼ੀ ਵਿਸ਼ੇ ਦੇ ਸ਼ਾਨਦਾਰ ਨਤੀਜਿਆਂ ਨੇ ਸਰਕਾਰੀ ਸਕੂਲਾਂ ਵਿੱਚ ਅਪਣੇ ਬੱਚਿਆਂ ਨੂੰ ਪੜ੍ਹਾ ਰਹੇ ਮਾਪਿਆਂ ਲਈ ਵੱਡੀ ਆਸ ਦੀ ਕਿਰਨ ਜਗਾਈ ਹੈ,ਹੁਣ ਇਹ ਬੱਚੇ ਹੋਰਨਾਂ ਵਿਸ਼ਿਆਂ ਤੋਂ ਇਲਾਵਾ ਅੰਗਰੇਜ਼ੀ ਚ ਨਿਪੁੰਨਤਾ ਹਾਸਲ ਕਰ ਸਕਣਗੇ।
ਮਾਤ ਭਾਸ਼ਾ ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ ਭਾਸ਼ਾ ਪ੍ਰਤੀ ਮੁਹਾਰਤ ਹਾਸਲ ਕਰਵਾਉਣ ਲਈ ਸਕੂਲ ਸਿੱਖਿਆ ਵਿਭਾਗ ਵੱਲ੍ਹੋਂ ਪਿਛਲੇਂ ਤਿੰਨ ਸਾਲਾਂ ਤੋਂ ਜੋ ਜ਼ਮੀਨੀ ਹਕੀਕਤਾਂ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਦੇ ਅਸਲ ਟੀਚੇ ਸੁਣਨਾਂ, ਬੋਲਣਾ, ਪੜ੍ਹਨਾ, ਲਿਖਣਾ ਦੇ ਚਾਰੇ ਹੁਨਰਾਂ ਦੇ ਯੋਗ ਬਣਾਉਣ ਲਈ ਸਖਤ ਮਿਹਨਤ ਕੀਤੀ ਜਾ ਰਹੀ ਸੀ,ਉਨ੍ਹਾਂ ਨੂੰ ਬੂਰ ਪਿਆ ਹੈ। ਅਤੇ ਸਰਕਾਰੀ ਸਕੂਲਾਂ ਦਾ ਅੰਗਰੇਜ਼ੀ ਨਤੀਜਾ ਰਿਕਾਰਡ 98.44 ਪ੍ਰਤੀਸ਼ਤ ਰਿਹਾ।
ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਇਸ ਵਰ੍ਹੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਤੋਂ ਆਏ ਸਵਾ ਲੱਖ ਤੋਂ ਵੱਧ ਵਿਦਿਆਰਥੀਆਂ ਦੇ ਜ਼ਿਆਦਾਤਰ ਮਾਪਿਆਂ ਦਾ ਇਹੀ ਵੱਡਾ ਗਿਲਾ ਸੀ,ਕਿ ਉਨ੍ਹਾਂ ਦੇ ਬੱਚੇ ਅੰਗਰੇਜ਼ੀ ਵਿਸ਼ੇ ਚ ਭਾਵੇ ਚੰਗੇ ਅੰਕ ਲੈ ਜਾਂਦੇ ਸਨ ਪਰ ਉਹ ਭਾਸ਼ਾ ਦੇ ਚਾਰੇ ਹੁਨਰਾਂ ਤੋਂ ਪਰਪੱਕ ਨਾ ਹੋਣ ਕਾਰਨ ਵਿਸ਼ੇ ਦੀ ਅਸਲ ਮੁਹਾਰਤ ਜਾਂ ਸਮਝ ਤੋਂ ਅਧੂਰੇ ਰਹਿ ਜਾਂਦੇ ਸਨ,ਜੋ ਉਸ ਦੇ ਭਵਿੱਖ ਲਈ ਖਤਰਨਾਕ ਹੈ,ਦੂਜੇ ਬੰਨੇ ਉਹ ਵੱਧ ਨੰਬਰਾਂ ਦੀ ਇਸ ਖੇਡ ਚ ਅਪਣੀ ਮਾਤ ਭਾਸ਼ਾ ਅਤੇ ਹੋਰਨਾਂ ਵਿਸ਼ਿਆਂ ਨਾਲ ਵੀ ਇਨਸਾਫ ਨਹੀਂ ਕਰ ਪਾਉਂਦੇ ਸੀ। ਪਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਪਿਛਲੇ ਸਮੇਂ ਦੌਰਾਨ ਅੰਗਰੇਜ਼ੀ ਦੀ ਮਹਾਰਤ ਦਾ ਜਿਸ ਰੂਪ ਵਿੱਚ ਵੱੱਖ ਵੱਖ ਪਲੇਟਫਾਰਮਾਂ ਤੇ ਅਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ,ਉਹ ਜੱਗ ਜ਼ਾਹਿਰ ਹੈ।
ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ ਦੀ ਵਿਦਿਆਰਥਣ ਸਿਮਰਜੀਤ ਕੌਰ ,ਜਿਸ ਨੇ ਬਾਰਵੀਂ ਕਲਾਸ ਚੋਂ 449/450 ਅੰਕ ਹਾਸਲ ਕਰਕੇ ਪੰਜਾਬ ਭਰ ਚੋਂ ਵੱਡਾ ਨਾਮਣਾ ਖੱਟਿਆ ਹੈ,ਦਾ ਕਹਿਣਾ ਹੈ ਕਿ ਉਹ ਪਹਿਲਾ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਸੀ,ਜਿਥੇਂ ਨੰਬਰਾਂ ਦੀ ਦੌੜ ਦੇ ਪੈਮਾਨੇ ਨੂੰ ਮੁੱਖ ਟਾਰਗਟ ਰੱਖਿਆ ਗਿਆ ਸੀ,ਬੇਸ਼ੱਕ ਉਹ ਐਨੇ ਨੰਬਰ ਉਥੇਂ ਵੀ ਪੜ੍ਹਕੇ ਲੈ ਜਾਂਦੀ, ਪਰ ਸਰਕਾਰੀ ਸਕੂਲ ਦੇ ਅੰਗਰੇਜ਼ੀ ਅਧਿਆਪਕਾਂ ਨੇ ਇਸ ਭਾਸ਼ਾ ਦੇ ਚਾਰੇ ਹੁਨਰਾਂ ਸੁਣਨਾਂ, ਬੋਲਣਾ, ਪੜ੍ਹਨਾ,ਲਿਖਣਾ ਦੀ ਜੋ ਮਹਾਰਤ ਹਾਸਲ ਕਰਵਾਈ ਹੈ,ਉਹ ਉਸ ਤੋਂ ਵਾਂਝੀ ਰਹਿ ਜਾਂਦੀ ਅਤੇ ਭਵਿੱਖ ਚ ਵੀ ਉਸ ਨੂੰ ਇਸ ਦੇ ਸਿੱਟੇ ਭੁਗਤਣੇ ਪੈਣੇ ਸਨ। ਇਸੇ ਤਰ੍ਹਾਂ ਸਰਕਾਰੀ ਸੈਕੰਡਰੀ ਸਕੂਲ ਸਰਦੂਲਗੜ੍ਹ ਵਿਖੇ ਪੜ੍ਹ ਰਹੀ ਬਾਰਵੀਂ ਕਲਾਸ ਦੀ ਮੈਡੀਕਲ ਸਟਰੀਮ ਦੀ ਵਿਦਿਆਰਥਣ ਅਰਜ਼ ਦਾ ਕਹਿਣਾ ਸੀ ਕਿ ਸਰਕਾਰੀ ਸਕੂਲਾਂ ਵਿੱਚ ਪਿਛਲੇ ਕਈ ਸਾਲਾਂ ਤੋ ਜੋ ਪ੍ਰੈਕਟੀਕਲ ਹਕੀਕਤਾਂ ਦੇ ਮੱਦੇਨਜ਼ਰ ਅੰਗਰੇਜ਼ੀ ਭਾਸ਼ਾ ਪ੍ਰਤੀ ਪਰਪੱਕ ਬਣਾਇਆ ਜਾ ਰਿਹਾ ਹੈ,ਅਸਲ ਚ ਉਸ ਸਮਝ ਦੀ ਲੋੜ ਹੈ।
ਵਿਭਾਗ ਦੇ ਸਟੇਟ ਰਿਸੋਰਸ ਪਰਸਨ ਸ੍ਰੀਮਤੀ ਵਰਿੰਦਰ ਕੌਰ ਸੇਖੋਂ ਨੇ ਦੱਸਿਆ ਕਿ ਅੰਗਰੇਜ਼ੀ ਵਿਸ਼ੇ ਪ੍ਰਤੀ ਵਿਦਿਆਰਥੀਆਂ ਦੀ ਪਰਪੱਕਤਾ ਲਈ ਜੋ ਹਰ ਪੱਖ ਤੋਂ ਅਧਿਐਨ ਕਰਦਿਆਂ ਅਮਲੀ ਰੂਪ ਵਿੱਚ ਕੰਮ ਕੀਤਾ ਗਿਆ, ਉਸ ਨਾਲ ਸਹੀ ਮਾਇਨਿਆਂ ਚ ਵਿਦਿਆਰਥੀ ਚਾਰੋਂ ਸਕਿੱਲ ਸੁਣਨ, ਬੋਲਣ ,ਪੜ੍ਹਨ ਅਤੇ ਲਿਖਣ ਚ ਸਹੀ ਵਿਦਿਆਰਥੀ ਸਹੀ ਮਾਇਨਿਆਂ ਕਾਬਲ ਬਣੇ । ਉਨ੍ਹਾਂ ਦੱਸਿਆ ਕਿ ਛੇਵੀਂ ਤੋਂ ਦੱਸਵੀਂ ਜਮਾਤ ਦੇ ਅੰਗਰੇਜ਼ੀ ਵਿਸ਼ੇ ਦੇ ਪਾਠਾਂ ਨੂੰ ਐਨੀਮੇਟਿੰਡ ਵੀਡੀਓਜ਼ ਰਾਹੀਂ ਰੋਚਕ ਤਰੀਕੇ ਨਾਲ ਪ੍ਰੋਜੈਕਟਰ ਜਾਂ ਟੀ ਵੀ ਤੇ ਵਿਖਾ ਕੇ ਅਧਿਆਪਕਾਂ ਵੱਲ੍ਹੋਂ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਗਈ। ਸਮਾਂ ਸਾਰਣੀ ਅਨੁਸਾਰ ਈ-ਕੰਟੈਂਟ,
ਐਜੂਸੈੱਟ ਤੇ ਸੁਣਨ ਦੀਆਂ ਆਡੀਓਜ਼ ਸੀਟ ਤੇ ਸਪੀਕਿੰਗ ਸਕਿੱਲ ਦਾ ਅਭਿਆਸ ਕਰਵਾਇਆ ਗਿਆ, ਹੁਣ ਵੀ ਸਪੀਕਿੰਗ ਪ੍ਰੈਕਟਿਸ ਲਈ ਵਿਦਿਆਰਥੀਆਂ ਨੂੰ ਆਡੀਓਜ਼ ਅਤੇ ਡੇਲੀ ਅਸਾਈਨਮੈਂਟ ਭੇਜੀਆਂ ਜਾ ਰਹੀਆਂ ਹਨ। ਟੀ ਵੀ ਤੇ ਅੰਗਰੇਜ਼ੀ ਦੇ ਲੈਕਚਰ ਛੇਵੀਂ,ਸਤਵੀਂ,ਅੱਠਵੀਂ ਅਤੇ ਬਾਰ੍ਹਵੀਂ ਜਮਾਤਾਂ ਲਈ ਸਵਯ ਪ੍ਰਭਾ ਚੈੱਨਲ ‘ਤੇ ਅਤੇ ਨੌਂਵੀਂ, ਦਸਵੀਂ ਅਤੇ ਗਿਆਰ੍ਹਵੀਂ ਜਮਾਤਾਂ ਲਈ ਲੈਕਚਰ ਡੀ ਡੀ ਪੰਜਾਬੀ ਤੇ ਆ ਰਹੇ ਹਨ। ਹਰ ਜਮਾਤ ਲਈ ਅੰਗਰੇਜ਼ੀ ਵਿਸ਼ੇ ਦੀ ਵਰਕਬੁੱਕ, ਜਿਸ ਵਿੱਚ ਸੁਣਨ, ਬੋਲਣ, ਪੜ੍ਹਨ,ਲਿਖਣ ਸਕਿੱਲ ਦੇ ਅਭਿਆਸ ਲਈ ਅਤੇ ਸਲੇਬਸ ਦੀ ਦੁਹਰਾਈ ਲਈ ਬਹੁਤ ਵਧੀਆ ਐਕਟੀਵੀਟੀਜ਼ ਹਨ।ਟੀਚਰ ਟਰੇਨਿੰਗ ਲਈ 6-8 ਵੀਂ, 9-10 ਵੀਂ ਅਤੇ 11-12 ਵੀਂ ਦੇ ਮਿਡਾਊਂਜ ਤਿਆਰ ਕੀਤੇ ਗਏ ਅਤੇ ਅਧਿਆਪਕਾਂ ਦੀ ਕਪੈਸਟੀ ਬਿਲਡਿੰਗ ਕੀਤੀ ਗਈ ਤਾਂ ਕਿ ਉਹ ਹਾਈਟੈੱਕ ਹੋਕੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾ ਸਕਣ।
ਹਰਪ੍ਰੀਤ ਸਿੰਘ ਪ੍ਰੋਜੈਕਟ ਹੈੱਡ ਅਤੇ ਸਟੇਟ ਸਹਾਇਕ ਡਾਇਰੈਕਟਰ ਦਾ ਕਹਿਣਾ ਹੈ ਕਿ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰੋਜੈਕਟ ਦੁਆਰਾ ਹੋਰਨਾਂ ਜਮਾਤਾਂ ਦੇ ਨਾਲ ਨਾਲ ਬਾਰ੍ਹਵੀਂ ਦੇ ਅੰਗਰੇਜ਼ੀ ਭਾਸ਼ਾ ਵਿਸ਼ੇ ਦੇ ਨਤੀਜਿਆਂ ਵਿੱਚ ਜ਼ਬਰਦਸਤ ਸੁਧਾਰ ਹੋਇਆ, ਔਖੀਂ ਅੰਗਰੇਜ਼ੀ ਹੁਣ ਬੱਚਿਆਂ ਲਈ ਸਰਲ ਬਣੀ, ਪਰ ਦਾ ਮੰਨਣਾ ਹੈ ਕਿ ਇਹ ਸਭ ਕੁਝ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਸਖਤ ਘਾਲਣਾ ਅਤੇ ਅਧਿਆਪਕਾਂ ਦੀ ਮਿਹਨਤ ਨਾਲ ਸੰਭਵ ਹੋ ਸਕਿਆ।ਉਨ੍ਹਾਂ ਦਾ ਕਹਿਣਾ ਹੈ ਕਿ ਭਾਸ਼ਾ ਦਾ ਅਧਿਆਪਨ ਕੌਸ਼ਲ ਵਿਕਾਸ ਨਾਲ ਜੁੜਿਆ ਹੋਇਆ ਹੈ,ਜਦੋਂ ਵਿਦਿਆਰਥੀ ਕੋਈ ਭਾਸ਼ਾ ਪੜ੍ਹਦਾ ਹੈ ਤਾਂ ਉਸ ਨੂੰ ਉਸ ਭਾਸ਼ਾ ਵਿੱਚ ਸੁਣਨਾ, ਬੋਲਣਾ, ਪੜ੍ਹਨਾ ਅਤੇ ਲਿਖਣਾ ਆਉਣਾ ਚਾਹੀਦਾ ਹੈ।ਸਰਕਾਰੀ ਸਕੂਲਾਂ ਨੇ ਇਸ ਦੀ ਅਹਿਮੀਅਤ ਨੂੰ ਸਮਝਦੇ ਹੋਏ ਪਿਛਲੇ ਸਾਲਾਂ ਵਿੱਚ ਇਨ੍ਹਾਂ ਚਾਰਾਂ ਹੁਨਰਾਂ ਦੇ ਵਿਕਾਸ ਦੀ ਨਵੀਂ ਸ਼ੁਰੂਆਤ ਕੀਤੀ ਹੈ। ਸਟੇਟ ਰਿਸੋਰਸ ਪਰਸਨ ਅਨੁਰਾਗ ਸਿੱਧੂ ਅਨੁਸਾਰ ਪੜ੍ਹੋ ਪੰਜਾਬ ਦੀਆਂ ਸਟੇਟ ਅਤੇ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਜਿਸ ਰੂਪ ਚ ਜ਼ਮੀਨੀ ਹਕੀਕਤਾਂ ਨੂੰ ਸੋਚਿਆ ਵਿਚਾਰਿਆ ਗਿਆ,ਸਿੱਖਣ ਸਿਖਾਉਣ ਦੀਆਂ ਸਮੱਸਿਆਵਾਂ ਦਾ ਅਧਿਐਨ ਕੀਤਾ ਗਿਆ ਅਤੇ ਵਿਦਿਆਰਥੀਆਂ ਦੇ ਨਤੀਜਿਆਂ ਸਬੰਧੀ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਤਾਂ ਤੱਥ ਸਾਹਮਣੇ ਆਏ ਕਿ,ਵਿਦਿਆਰਥੀਆਂ ਦੇ ਭਾਸ਼ਾ ਦਾ ਪੱਧਰ ਵੱਖੋ ਵੱਖਰਾ ਹੈ ਪਰ ਅਧਿਆਪਨ ਸਮੱਗਰੀ ਅਤੇ ਤਰੀਕੇ ਇਕੋ ਜਿਹੇ ਹਨ। ਸਾਹਮਣੇ ਭਾਸ਼ਾ ਮਾਡਲ ਵੇਖ ਕੇ ਹਰ ਵਿਦਿਆਰਥੀ ਜ਼ਿਆਦਾ ਸਿੱਖਦਾ ਹੈ। ਸੁਣਨਾ ਅਤੇ ਬੋਲਣਾ ਵੀ ਭਾਸ਼ਾ ਦੀਆਂ ਮਹੱਤਵਪੂਰਨ ਕੜੀਆਂ ਹਨ । ਥਿਊਰੀ ਸਿਲੇਬਸ ਦੀ ਭਰਮਾਰ ਅਤੇ ਪ੍ਰੈਕਟੀਕਲ ਦੀ ਅਣਹੋਂਦ ਕਾਰਨ ਵਿਦਿਆਰਥੀ ਸਿਰਫ ਪੜ੍ਹ ਅਤੇ ਲਿਖ ਹੀ ਰਹੇ ਹਨ ।ਸੁਣਨ ਅਤੇ ਬੋਲਣ ਦੀ ਪ੍ਰਕਿਰਿਆ ਨਹੀਂ ਕੀਤੀ ਜਾਂਦੀ ਸੀ।
ਇਨ੍ਹਾਂ ਤੱਥਾਂ ਦੇ ਆਧਾਰ ਤੇ ਰਿਸੋਰਸ ਪਰਸਨਾਂ ਨੂੰ ਸਟੇਟ ਟਰੇਨਿੰਗ, ਸਿਲੇਬਸ ਅਤੇ ਪਾਠ ਪੁਸਤਕ ਵਿਚ ਜ਼ਰੂਰੀ ਬਦਲਾਅ ਤੇ ਗੈਰ ਜ਼ਰੂਰੀ ਥਿਊਰੀ ਦਾ ਭਾਰ ਘਟਾਇਆ, ਅਧਿਆਪਕਾਂ ਨੂੰ ਜਮਾਤ ਵਿੱਚ ਸਿਰਫ਼ ਲੈਕਚਰ ਵਿਧੀ ਤੋਂ ਹਟ ਕੇ ਸਿਰਜਨਾਤਮਕ ਅਤੇ ਕਿਰਿਆਤਮਕ ਵਿਧੀਆਂ ਦੁਆਰਾ ਪੜ੍ਹਾਉਣ ਦੀ ਟਰੇਨਿੰਗ ਦਿੱਤੀ, ਅਧਿਆਪਕ ਮੈਨੂਅਲ ਤਿਆਰ ਕੀਤਾ,ਪ੍ਰੈਕਟੀਕਲ ਪ੍ਰੀਖਿਆ ਵੀ ਸ਼ੁਰੂ ਕੀਤੀ ਗਈ,ਐਜੂਸੈੱਟ ਦੁਆਰਾ ਲਗਾਤਾਰ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਲੈਕਚਰ ਵੀ ਲਗਵਾਏ,ਸਟੇਟ ਟੀਮ ਦੁਆਰਾ ਵਿਸ਼ੇਸ਼ ਤੌਰ ਤੇ ਲਿਸਨਿੰਗ ਆਡੀਓ ਟੇਪ ਬਣਾ ਕੇ ਪੰਜਾਬ ਦੇ ਸਕੂਲਾਂ ਵਿੱਚ ਭੇਜੀਆਂ ਗਈਆਂ ,ਲਿਸਨਿੰਗ ਪ੍ਰੈਕਟਿਸ ਅਤੇ ਹੋਰਨਾਂ ਵਿਧੀਆਂ ਨੂੰ ਲਗਾਤਾਰ ਗੰਭੀਰਤਾ ਨਾਲ ਲਾਗੂ ਕਰਵਾਇਆ ਗਿਆ, ਜਿਸ ਦੇ ਸਾਰਥਿਕ ਨਤੀਜੇ ਸਾਹਮਣੇ ਹਨ । ਡੀ ਆਰ ਪੀ ਅਤੇ ਅੰਗਰੇਜ਼ੀ ਲੈਕਚਰਾਰ ਯੋਗਿਤਾ ਜੋਸ਼ੀ ਦਾ ਕਹਿਣਾ ਹੈ ਕਿ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰੋਜੈਕਟ ਦੁਆਰਾ ਬਾਰ੍ਹਵੀਂ ਦੇ ਅੰਗਰੇਜ਼ੀ ਭਾਸ਼ਾ ਵਿਸ਼ੇ ਦੇ ਨਤੀਜਿਆਂ ਵਿੱਚ ਆਏ ਨਤੀਜਿਆਂ ਦੀ ਸਾਰਥਿਕਤਾ ਹੁਣ ਮਾਪੇ ਸਮਝਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਸਾਲ 2018-19 ਦੌਰਾਨ 96.19 ਪ੍ਰਤੀਸ਼ਤ ,2019-20 ਦੌਰਾਨ 97.82 ਅਤੇ ਹੁਣ 98.44 ਪ੍ਰਤੀਸ਼ਤ ਸਿੱਖਿਆ ਵਿਭਾਗ ਦੀ ਯੋਜਨਾਬੰਦੀ ਅਤੇ ਅਧਿਆਪਕਾਂ ਦੀ ਮਿਹਨਤ ਦੀ ਦਾਦ ਦਿੰਦਾ ਹੈ।























