National: ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਮੁਕਾਬਲੇ ਵਿੱਚ ਢੇਰ
ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ): ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਵਿੱਚ ਸੀਆਰਪੀਐਫ ਦੀ ਇੱਕ ਚੌਕੀ ‘ਤੇ ਹਮਲਾ ਕਰਨ ਵਾਲੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਲਤੀਫ ਭੱਟ ਨੂੰ ਕੁਲਗਾਮ ਵਿੱਚ ਇੱਕ ਮੁਕਾਬਲੇ ਵਿੱਚ ਢੇਰ ਕਰ ਦਿੱਤਾ ਹੈ। ਇਹ ਮੁਕਾਬਲਾ ਬੁੱਧਵਾਰ ਸਵੇਰੇ ਸ਼ੁਰੂ ਹੋਇਆ। ਸੁਰੱਖਿਆ ਬਲਾਂ ਨੇ ਲਤੀਫ ਭੱਟ ਨੂੰ ਫੜਨ ਲਈ ਕੁਲਗਾਮ ਦੇ ਜੰਗਲਪੋਰਾ ਖੇਤਰ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸੂਤਰਾਂ ਅਨੁਸਾਰ, ਲਤੀਫ ਇੱਕ ਮਸਜਿਦ ਵਿੱਚ ਲੁਕਿਆ ਹੋਇਆ ਸੀ।
ਸਥਾਨਕ ਲੋਕਾਂ ਦੀ ਮਦਦ ਨਾਲ, ਸੁਰੱਖਿਆ ਬਲਾਂ ਨੇ ਲਤੀਫ ਨੂੰ ਇੱਕ ਵੀਡੀਓ ਕਾਲ ਕੀਤੀ, ਉਸਨੂੰ ਆਤਮ ਸਮਰਪਣ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਉਸਨੂੰ ਭਰੋਸਾ ਵੀ ਦਿੱਤਾ ਕਿ “ਅਸੀਂ ਤੁਹਾਡੇ ਨਾਲ ਹਾਂ।” ਲਤੀਫ ਨੇ ਜਵਾਬ ਦਿੱਤਾ, “ਮੈਂ ਅੱਲ੍ਹਾ ਨੂੰ ਮਿਲਣਾ ਚਾਹੁੰਦਾ ਹਾਂ। ਮੈਂ ਬਹੁਤ ਖੁਸ਼ ਹਾਂ। ਮੈਂ ਅੱਲ੍ਹਾ ਨੂੰ ਵੇਖਾਂਗਾ। ਮੈਂ ਆਤਮ ਸਮਰਪਣ ਨਹੀਂ ਕਰਾਂਗਾ।”
ਦੱਸ ਦਈਏ ਕਿ ਲਤੀਫ਼ ਭੱਟ ਦੋ ਦਿਨ ਪਹਿਲਾਂ ਇੱਕ ਮੁਕਾਬਲੇ ਵਿੱਚ ਜ਼ਖਮੀ ਹੋ ਗਿਆ ਸੀ ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ। ਉਸਨੇ 11 ਨਵੰਬਰ ਨੂੰ ਨੌਪੋਰਾ ਅਖਰਾਨ ਵਿੱਚ ਇੱਕ ਸੀਆਰਪੀਐਫ ਚੌਕੀ ‘ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਤਿੰਨ ਸੈਨਿਕ ਜ਼ਖਮੀ ਹੋ ਗਏ ਸਨ।























