International: ਅਮਰੀਕੀ ਰਾਸ਼ਟਰਪਤੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ‘ਚ ਪਾਕਿਸਤਾਨੀ ਨਾਗਰਿਕ ਨੂੰ ਹੋਈ ਸਜ਼ਾ
ਚੰਡੀਗੜ੍ਹ, 18 ਨਵੰਬਰ 2026 (ਵਿਸ਼ਵ ਵਾਰਤਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਪਾਕਿਸਤਾਨੀ ਨਾਗਰਿਕ 27 ਸਾਲ ਅਤੇ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਲਈ ਕੰਮ ਕਰ ਰਿਹਾ ਸੀ। ਪਾਕਿਸਤਾਨੀ ਨਾਗਰਿਕ ਦੀ ਪਛਾਣ ਆਸਿਫ਼ ਮਰਚੈਂਟ ਵੱਜੋਂ ਹੋਈ ਹੈ।
ਅਮਰੀਕਾ ਵੱਲੋਂ ਕੀਤੀ ਗਈ ਜਾਂਚ ਦੇ ਅਨੁਸਾਰ, ਉਸਨੂੰ ਟਰੰਪ ਦੀ ਹੱਤਿਆ ਕਰਨ ਲਈ ਅਮਰੀਕਾ ਭੇਜਿਆ ਗਿਆ ਸੀ। 48 ਸਾਲਾ ਆਸਿਫ਼ ਨੂੰ ਨਿਊਯਾਰਕ ਦੇ ਬਰੁਕਲਿਨ ਵਿੱਚ ਇੱਕ ਸੰਘੀ ਅਦਾਲਤ ਨੇ ਅੱਤਵਾਦੀ ਸਾਜ਼ਿਸ਼ ਅਤੇ ਕੰਟਰੈਕਟ ਕਿਲਿੰਗ ਦੀ ਕੋਸ਼ਿਸ਼ ਦਾ ਦੋਸ਼ੀ ਪਾਇਆ। ਜੱਜ ਏਰਿਕ ਆਰ. ਕੋਮਿਟੀ ਨੇ ਸਜ਼ਾ ਸੁਣਾਈ।
ਆਸਿਫ਼ ਦੀ ਹਿੱਟ ਲਿਸਟ ਵਿੱਚ ਟਰੰਪ ਸਮੇਤ ਤਿੰਨ ਨੇਤਾ ਸਨ। ਅਮਰੀਕੀ ਅਧਿਕਾਰੀਆਂ ਦੇ ਅਨੁਸਾਰ, ਇਸ ਸਾਜ਼ਿਸ਼ ਪਿੱਛੇ ਮਨੋਰਥ ਸਾਬਕਾ ਈਰਾਨੀ IRGC ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣਾ ਸੀ। ਸੁਲੇਮਾਨੀ ਜਨਵਰੀ 2020 ਵਿੱਚ ਇੱਕ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ ਗਿਆ ਸੀ। ਈਰਾਨ ਉਸਦੀ ਮੌਤ ਲਈ ਅਮਰੀਕਾ ਨੂੰ ਜ਼ਿੰਮੇਵਾਰ ਮੰਨਦਾ ਹੈ। ਕਾਸਿਮ ਸੁਲੇਮਾਨੀ ਨੂੰ ਈਰਾਨ ਦਾ ਸਭ ਤੋਂ ਸ਼ਕਤੀਸ਼ਾਲੀ ਜਨਰਲ ਮੰਨਿਆ ਜਾਂਦਾ ਸੀ ਅਤੇ ਉਹ ਮਰਹੂਮ ਸੁਪਰੀਮ ਲੀਡਰ ਆਯਤੁੱਲਾ ਅਲੀ ਖਮੇਨੀ ਦਾ ਕਰੀਬੀ ਸਹਿਯੋਗੀ ਸੀ।
ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ, ਆਸਿਫ਼ 2022 ਦੇ ਆਸਪਾਸ IRGC ਦੇ ਸੰਪਰਕ ਵਿੱਚ ਆਇਆ। ਇਸ ਦੌਰਾਨ ਉਸ ਨੂੰ ਟ੍ਰੇਨਿੰਗ ਦਿੱਤੀ ਗਈ ਕਿ ਖੁਫੀਆ ਜਾਣਕਾਰੀ ਕਿਵੇਂ ਇਕੱਠੀ ਕਰਨੀ ਹੈ ਅਤੇ ਕਿਵੇਂ ਬਚਣਾ ਹੈ। ਉਸਨੂੰ ਅਮਰੀਕਾ ਜਾਣ ਅਤੇ ਨੇਤਾਵਾਂ ਦੀ ਹੱਤਿਆ ਲਈ ਵਿਅਕਤੀਆਂ ਨੂੰ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ।























