ਸਾਬਕਾ ਮੁੱਖ ਮੰਤਰੀ ਦੇ ਘਰ ਪਹੁੰਚੀ ਸੀਬੀਆਈ ਦੀ ਟੀਮ, ਪੁੱਛਗਿੱਛ ਜਾਰੀ
ਪੜ੍ਹੋ, ਕਿ ਹੈ ਪੂਰਾ ਮਾਮਲਾ
ਚੰਡੀਗੜ੍ਹ,6ਮਾਰਚ(ਵਿਸ਼ਵ ਵਾਰਤਾ)- ਜ਼ਮੀਨ ਦੇ ਬਦਲੇ ਨੌਕਰੀ ਦੇਣ ਦੇ ਮਾਮਲੇ ਵਿੱਚ ਸੀਬੀਆਈ ਦੀ ਟੀਮ ਲਾਲੂ ਯਾਦਵ ਦੀ ਪਤਨੀ ਅਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਤੋਂ ਅੱਜ ਸਵੇਰ ਤੋਂ ਉਨ੍ਹਾਂ ਦੇ ਘਰ ਵਿੱਚ ਪੁੱਛਗਿੱਛ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ 12 ਅਧਿਕਾਰੀਆਂ ਦੀ ਟੀਮ 2 ਤੋਂ 3 ਗੱਡੀਆਂ ‘ਚ ਪਟਨਾ ਸਥਿਤ ਉਨ੍ਹਾਂ ਦੀ 10 ਸਰਕੂਲਰ ਰੋਡ ਸਥਿਤ ਰਿਹਾਇਸ਼ ‘ਤੇ ਪਹੁੰਚੀ। ਇੱਥੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਅਤੇ ਵਰਕਰ ਰਿਹਾਇਸ਼ ਦੇ ਬਾਹਰ ਧਰਨੇ ‘ਤੇ ਬੈਠ ਗਏ ਹਨ। ਇਸ ਦੇ ਮੱਦੇਨਜ਼ਰ ਸੁਰੱਖਿਆ ਵਧਾ ਦਿੱਤੀ ਗਈ ਹੈ।
ਗੌਰਤਲਬ ਹੈ ਕਿ ਲੈਂਡ ਫਾਰ ਜੌਬ ਘੁਟਾਲੇ ‘ਚ ਸੀਬੀਆਈ ਦੀ ਚਾਰਜਸ਼ੀਟ ‘ਤੇ ਅਦਾਲਤ ਨੇ ਸੰਮਨ ਜਾਰੀ ਕੀਤੇ ਹਨ। ਸੀਬੀਆਈ ਨੇ ਲਾਲੂ ਪ੍ਰਸਾਦ ਤੋਂ ਇਲਾਵਾ ਰਾਬੜੀ ਦੇਵੀ ਅਤੇ 14 ਹੋਰਾਂ ਨੂੰ ਚਾਰਜਸ਼ੀਟ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਰਾਬੜੀ, ਲਾਲੂ ਅਤੇ ਮੀਸਾ ਨੂੰ 15 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ।