ਚੰਡੀਗੜ੍ਹ 1 ਮਈ ( ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਵੇਂ ਕਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਕੇਂਦਰ ਸਰਕਾਰ ਤੋਂ ਦੋ ਕਦਮ ਅੱਗੇ ਜਾ ਕੇ ਸਖਤੀ ਨਾਲ ਫੈਸਲੇ ਲਏ ਹਨ ।ਪਰ ਅੱਜ ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ “ਰੈੱਡ ਜ਼ੋਨ “,”ਔਰੰਜ ਜੋਨ” ਤੇ ਗ੍ਰੀਨ ਜ਼ੋਨ ਵਾਲੇ ਜ਼ਿਲ੍ਹਿਆਂ ਚ ਵੱਖੋ ਵੱਖਰੀ ਕਿਸਮ ਦੀਆਂ ਰਾਹਤ ਦੇਣ ਦੇ ਹੁਕਮਾਂ ਤੋਂ ਬਾਅਦ ਭਾਵੇਂ ਪੰਜਾਬ ਚ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਫੈਸਲੇ ਨੂੰ ਲਾਗੂ ਕਰਨ ਲਈ ਸਰਕਾਰ ਨੇ ਨਾਲੋਂ ਨਾਲ ਹੀ ਕਰ ਤੇ ਆਬਕਾਰੀ ਵਿਭਾਗ ਨੂੰ ਤੁਰੰਤ ਹਦਾਇਤਾਂ ਕਰ ਦਿੱਤੀਆਂ ਹਨ, ਪਰ ਬਾਕੀ ਛੋਟਾਂ ਦੇਣ ਦੇ ਫੈਸਲੇ ਤੇ ਕੱਲ੍ਹ ਹੋਣ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ ਚ ਵਿਚਾਰ ਵਟਾਂਦਰਾ ਹੋਵੇਗਾ । ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਬਕਾਰੀ ਵਿਭਾਗ ਵੱਲੋਂ ਸ਼ਰਾਬ ਦੇ ਠੇਕੇਦਾਰਾਂ ਨੂੰ ਕੱਲ੍ਹ ਤੋਂ ਹੀ ਆਪੋ ਆਪਣੇ ਕੋਟਿਆਂ ਸਬੰਧੀ ਰਿਪੋਰਟ ਦੇਣ ਲਈ ਹੁਕਮ ਕਰ ਦਿੱਤੇ ਹਨ ਅਤੇ ਨਾਲ ਹੀ ਡਿਸਟਿਲਰੀਆਂ ਨੂੰ ਵੀ ਤੁਰੰਤ ਤਾਲਮੇਲ ਬਣਾਉਣ ਦੀ ਹਦਾਇਤ ਕਰ ਦਿੱਤੀ ਹੈ , ਤਾਂ ਜੋ ਕੇਂਦਰ ਵੱਲੋਂ ਮਿਥੀ ਗਈ ਤਰੀਕ ਤੋਂ ਸ਼ਰਾਬ ਦੇ ਠੇਕੇ ਖੁੱਲ੍ਹ ਜਾ ਸਕਣ ।
ਇੱਥੇ ਇਹ ਵੀ ਦੱਸਣਯੋਗ ਹੈ ਕਿ 21 ਮਾਰਚ ਤੋਂ ਸ਼ਰਾਬ ਦੇ ਠੇਕੇ ਬੰਦ ਹਨ ,ਜਿਸ ਕਾਰਨ ਸਰਕਾਰ ਦੇ ਖਜ਼ਾਨੇ ਨੂੰ ਕਰੀਬ ਅੱਜ ਤੱਕ 700 ਕਰੋੜ ਰੁਪਏ ਦਾ ਘਾਟਾ ਵੀ ਪੈ ਚੁੱਕਿਆ ਹੈ ।