ਫਿਲੀਪੀਨਜ਼ ਦੇ ਤਿੰਨ ਦਿਨਾਂ ਦੌਰੇ ‘ਤੇ ਪ੍ਰਧਾਨ ਮੰਤਰੀ ਮੋਦੀ, ਮਨੀਲਾ ਪਹੁੰਚੇ ਹਵਾਈ ਅੱਡੇ ‘ਤੇ ਨਿੱਘਾ ਸਵਾਗਤ
ਨਵੀ ਦਿੱਲੀ, 16 ਨਵੰਬਰ 2026 (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਫਿਲੀਪੀਨਜ਼ ਦੇ ਤਿੰਨ ਦਿਨਾਂ ਦੌਰੇ ‘ਤੇ ਮਨੀਲਾ ਪਹੁੰਚੇ। ਇਸ ਦੌਰਾਨ ਮਨੀਲਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਪ੍ਰਧਾਨ ਮੰਤਰੀ ਮੋਦੀ ਨੂੰ ਦੇਖ ਕੇ ਉੱਥੇ ਮੌਜੂਦ ਲੋਕਾਂ ਨੇ “ਮੋਦੀ-ਮੋਦੀ” ਅਤੇ “ਭਾਰਤ ਮਾਤਾ ਕੀ ਜੈ” ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ, ਬੱਚਿਆਂ ਨੇ ਸੰਸਕ੍ਰਿਤ ਦੇ ਸ਼ਲੋਕ ਪੜ੍ਹ ਕੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨਾਲ ਹੱਥ ਮਿਲਾ ਕੇ ਉਨ੍ਹਾਂ ਦਾ ਅਭਿਵਾਦਨ ਕੀਤਾ। ਕਲਾਕਾਰਾਂ ਨੇ ਨਾਚ ਪੇਸ਼ ਕੀਤੇ ਅਤੇ ਉਨ੍ਹਾਂ ਦੇ ਸਵਾਗਤ ਲਈ ਰੰਗੋਲੀ ਵੀ ਬਣਾਈ ਗਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ 23ਵੇਂ ASEAN-ਭਾਰਤ ਸਿਖਰ ਸੰਮੇਲਨ ਅਤੇ 21ਵੇਂ ਪੂਰਬੀ ਏਸ਼ੀਆ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਫਿਲੀਪੀਨਜ਼ ਦੇ ਤਿੰਨ ਦਿਨਾਂ ਦੌਰੇ ‘ਤੇ ਹਨ। ਪੀ.ਐੱਮ. ਮੋਦੀ ਦੇ ਸਵਾਗਤ ਵਿੱਚ ਕਈ ਰੰਗਾਰੰਗ ਪ੍ਰੋਗਰਾਮ ਵੀ ਕਰਵਾਏ ਗਏ।
ਪੀ.ਐੱਮ. ਮੋਦੀ ਦੀ ਇਸ ਯਾਤਰਾ ਦਾ ਉਦੇਸ਼ ਦੱਖਣ-ਪੂਰਬੀ ਏਸ਼ੀਆ ਅਤੇ ਪੂਰਬੀ ਏਸ਼ੀਆ ਦੇ ਦੇਸ਼ਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਖੇਤਰੀ ਤੇ ਆਲਮੀ ਚੁਣੌਤੀਆਂ ‘ਤੇ ਚਰਚਾ ਕਰਨਾ ਹੈ। ਪ੍ਰਧਾਨ ਮੰਤਰੀ ਮੰਗਲਵਾਰ ਨੂੰ 23ਵੇਂ ASEAN-ਭਾਰਤ ਸਿਖਰ ਸੰਮੇਲਨ ਅਤੇ 21ਵੇਂ ਪੂਰਬੀ ਏਸ਼ੀਆ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਉਹ ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਆਰ. ਮਾਰਕੋਸ ਜੂਨੀਅਰ ਦੇ ਸੱਦੇ ‘ਤੇ ਉੱਥੇ ਪਹੁੰਚੇ ਹਨ।























