ਸੋਨੀਆ ਗਾਂਧੀ ਦੀ ਕਿਤਾਬ Belonging: A Journey of Love ਰਿਲੀਜ਼
– ਕਿਤਾਬ ਰਿਲੀਜ਼ ਸਮਾਗਮ ਦੌਰਾਨ ਭਾਵੁਕ ਹੋਈ ਸੋਨੀਆ ਗਾਂਧੀ
– ਕੈਪਟਨ ਅਮਰਿੰਦਰ ਸਿੰਘ, CM ਵਿਜੇ ਸਨ ਕਈ ਦਿੱਗਜ ਆਗੂ ਰਹੇ ਸਮਾਗਮ ‘ਚ ਮੌਜੂਦ
ਨਵੀ ਦਿੱਲੀ, 16 ਨਵੰਬਰ 2026 (ਵਿਸ਼ਵ ਵਾਰਤਾ): ਕਾਂਗਰਸ ਸੰਸਦੀ ਦਲ (ਸੀ.ਪੀ.ਪੀ.) ਦੀ ਪ੍ਰਧਾਨ ਸੋਨੀਆ ਗਾਂਧੀ ਦੀ ਸਵੈ-ਜੀਵਨੀ ਸੋਮਵਾਰ ਨੂੰ ਰਿਲੀਜ਼ ਹੋਈ। ਉਨ੍ਹਾਂ ਦੀ ਕਿਤਾਬ ਦਾ ਨਾਮ ‘ਬਿਲੌਂਗਿੰਗ: ਅ ਜਰਨੀ ਆਫ਼ ਲਵ’ (Belonging: A Journey of Love) ਹੈ। ਇਸ ਦਾ ਆਸਾਨ ਪੰਜਾਬੀ ਅਰਥ ਹੈ- ‘ਆਪਣਾਪਣ: ਪਿਆਰ ਦਾ ਇੱਕ ਸਫ਼ਰ’।

ਸੋਨੀਆ ਗਾਂਧੀ ਨੇ ਸਮਾਗਮ ਵਿੱਚ ਕਿਤਾਬ ਲਿਖਣ ਪਿੱਛੇ ਕਾਰਨ ਦੱਸਿਆ। ਉਨ੍ਹਾਂ ਕਿਹਾ, “ਮੇਰੇ ਪਰਿਵਾਰ ਬਾਰੇ ਬਹੁਤ ਕੁਝ ਕਿਹਾ ਗਿਆ ਹੈ। ਮੈਨੂੰ ਕਿਤਾਬ ਲਿਖਣ ਲਈ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਨੇ ਪ੍ਰੇਰਿਤ ਕੀਤਾ। ਸ਼ੁਰੂ ਵਿੱਚ ਮੇਰੇ ਲਈ ਇਹ ਬਹੁਤ ਮੁਸ਼ਕਲ ਸੀ।” ਸਮਾਗਮ ਦੀ ਸ਼ੁਰੂਆਤ ਵਿੱਚ ਸੋਨੀਆ ਦੇ ਜੀਵਨ ‘ਤੇ ਇੱਕ ਛੋਟੀ ਫ਼ਿਲਮ ਦਿਖਾਈ ਗਈ, ਜਿਸ ਨੂੰ ਦੇਖ ਕੇ ਉਹ ਭਾਵੁਕ ਹੋ ਗਏ। ਇਸ ਦੌਰਾਨ ਉਨ੍ਹਾਂ ਕਿਹਾ- “ਜਦੋਂ ਰਾਜੀਵ ਗਾਂਧੀ ਨਹੀਂ ਰਹੇ ਤਾਂ ਮੈਂ ਟੁੱਟ ਗਈ ਸੀ। ਰਾਹੁਲ-ਪ੍ਰਿਯੰਕਾ ਨੇ ਮੈਨੂੰ ਸੰਭਾਲਿਆ, ਉਹੀ ਮੇਰੇ ਮਾਤਾ-ਪਿਤਾ ਬਣ ਗਏ ਸਨ।”
ਦੱਸ ਦਈਏ ਕਿ ਕਿਤਾਬ ਦੇ ਰਿਲੀਜ਼ ਸਮਾਗਮ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਰਹੇ। ਇਹ ਕਿਤਾਬ 10 ਨਵੰਬਰ ਨੂੰ ਜਾਰੀ ਹੋਈ ਸੀ ਅਤੇ ਜਾਰੀ ਹੋਣ ਤੋਂ ਬਾਅਦ ਹੀ ਇਸ ਪ੍ਰਤੀ ਬਾਜ਼ਾਰ ਵਿੱਚ ਕਾਫ਼ੀ ਦਿਲਚਸਪੀ ਦੇਖਣ ਨੂੰ ਮਿਲੀ ਹੈ।ਰਿਲੀਜ਼ ਸਮਾਗਮ ਵਿੱਚ ਵਿਰੋਧੀ ਧਿਰ ਦੇ ਕਈ ਵੱਡੇ ਆਗੂ ਪਹੁੰਚੇ ਹਨ। ਇਨ੍ਹਾਂ ਵਿੱਚ ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਅਮਰਿੰਦਰ ਸਿੰਘ ਨੇ 2022 ਦੀਆਂ ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਨਾਲੋਂ ਨਾਤਾ ਤੋੜ ਲਿਆ ਸੀ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਆਗਾਮੀ ਪੰਜਾਬ ਚੋਣਾਂ ਤੋਂ ਪਹਿਲਾਂ ਇਸ ਸਮਾਗਮ ‘ਚ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਨੂੰ ਸਿਆਸੀ ਤੌਰ ‘ਤੇ ਅਹਿਮ ਮੰਨਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿੱਚ ਉਨ੍ਹਾਂ ਲਈ ਆਪਣੀ ਨਿੱਜੀ ਜ਼ਿੰਦਗੀ ਬਾਰੇ ਲਿਖਣਾ ਆਸਾਨ ਨਹੀਂ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਉਨ੍ਹਾਂ ਨੂੰ ਕਿਤਾਬ ਲਿਖਣ ਲਈ ਪ੍ਰੇਰਿਤ ਕੀਤਾ। ਲੰਬੇ ਸਮੇਂ ਤੱਕ ਆਪਣੇ ਨਿੱਜੀ ਜੀਵਨ ਨੂੰ ਜਨਤਕ ਚਰਚਾ ਤੋਂ ਦੂਰ ਰੱਖਣ ਕਾਰਨ ਯਾਦਾਂ ਲਿਖਣਾ ਉਨ੍ਹਾਂ ਲਈ ਔਖਾ ਸੀ, ਪਰ ਹੌਲੀ-ਹੌਲੀ ਉਨ੍ਹਾਂ ਨੂੰ ਲੱਗਾ ਕਿ ਆਪਣੀ ਕਹਾਣੀ ਆਪਣੇ ਸ਼ਬਦਾਂ ਵਿੱਚ ਕਹਿਣੀ ਜ਼ਰੂਰੀ ਹੈ। ਉਨ੍ਹਾਂ ਨੇ ਇਸ ਪੁਸਤਕ ਨੂੰ ਸਿਆਸੀ ਕਿਤਾਬ ਦੀ ਬਜਾਏ ਇੱਕ ਨਿੱਜੀ ਯਾਦਾਂ ਦਾ ਸੰਗ੍ਰਹਿ ਦੱਸਿਆ ਹੈ, ਜਿਸ ਵਿੱਚ ਸਿਆਸਤ ਇੱਕ ਪਿਛੋਕੜ ਵਾਂਗ ਮੌਜੂਦ ਹੈ।























