‘ਆਪ’ ਵੱਲੋਂ ਬਿਜਲੀ ਦਰਾਂ ‘ਚ ਵਾਰ-ਵਾਰ ਵਾਧੇ ਦੀ ਨਿਖੇਧੀ
ਚੰਡੀਗੜ੍ਹ, 12 ਅਕਤੂਬਰ 2018 – ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਪੰਜਾਬ ਸਰਕਾਰ ਵੱਲੋਂ ਬਿਜਲੀ ਅਤੇ ਕੇਂਦਰ ਸਰਕਾਰ ਵੱਲੋਂ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ‘ਚ ਲਗਾਤਾਰ ਕੀਤੇ ਜਾ ਰਹੇ ਵਾਧੇ ਦਾ ਤਿੱਖਾ ਵਿਰੋਧ ਕਰਦੇ ਹੋਏ ਕਿਹਾ ਕਿ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਹੁਣ ਆਮ ਲੋਕਾਂ ਦੀ ਸਹਿਣਸ਼ੀਲਤਾ ਦਾ ਹੋਰ ਇਮਤਿਹਾਨ ਨਾ ਲੈਣ। ਮਹਿੰਗਾਈ ਬਰਦਾਸ਼ਤ ਤੋਂ ਬਾਹਰ ਹੋ ਚੁੱਕੀ ਹੈ। ਜਿਸ ਉੱਪਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਹਰ ਤਿਮਾਹੀ ਬਿਜਲੀ ਮਹਿੰਗੀ ਕਰ ਕੇ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਹਰ ਰੋਜ਼ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਚੜ੍ਹਾ ਕੇ ਅੱਗ ‘ਤੇ ਤੇਲ ਪਾ ਰਹੀਆਂ ਹਨ।
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਬਿਜਲੀ, ਡੀਜ਼ਲ-ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ‘ਚ ਮਾਮੂਲੀ ਵਾਧਾ ਗ਼ਰੀਬ ਤੋਂ ਅਮੀਰ ਤੱਕ ਸਾਰੇ ਵਰਗਾਂ ਦੀ ਰੋਜ਼ਮੱਰਾ ਦੀ ਜ਼ਿੰਦਗੀ ਨੂੰ ਸਿੱਧਾ ਪ੍ਰਭਾਵਿਤ ਕਰਦਾ ਹੈ, ਪਰੰਤੂ ਇਸ ਸੰਬੰਧੀ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ। ਆਪਣੇ 20 ਮਹੀਨਿਆਂ ਦੇ ਕਾਰਜਕਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ‘ਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਪਰੰਤੂ ਬਿਜਲੀ 4-5 ਵਾਰ ਮਹਿੰਗੀ ਕਰ ਦਿੱਤੀ ਹੈ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਦੇ ਮਨ ‘ਚ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਪੰਜਾਬ ਦੇ ਆਮ ਲੋਕਾਂ ਪ੍ਰਤੀ ਕੋਈ ਦਰਦ ਹੁੰਦਾ ਤਾਂ ਉਹ ਤੇਲ ਅਤੇ ਕੋਇਲੇ ਦੀਆਂ ਕੀਮਤਾਂ ‘ਚ ਵਾਧੇ ਦੀ ਪੂਰਤੀ ਲਈ ਬਿਜਲੀ ਖਪਤਕਾਰਾਂ ਉੱਤੇ ਫਿਊਲ ਕਾਸਟ ਐਡਜਸਟਮੈਂਟ (ਐਫਸੀਏ) ਦੇ ਨਾਂ ‘ਤੇ ਪ੍ਰਤੀ ਯੂਨਿਟ 12 ਪੈਸਿਆਂ ਦਾ ਹੋਰ ਭਾਰ ਪਾਉਣ ਦੀ ਥਾਂ ਇਹ ‘ਐਡਜਸਟਮੈਂਟ’ ਡੀਜ਼ਲ-ਪੈਟਰੋਲ ‘ਚੋਂ ਵਸੂਲੇ ਜਾਂਦੇ ਸੂਬੇ ਟੈਕਸ (ਵੈਟ) ਵਿਚੋਂ ਕਰਦੇ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਤੋਂ ਸੇਧ ਲੈਣੀ ਚਾਹੀਦੀ ਹੈ, ਕਿਉਂਕਿ ਕੇਜਰੀਵਾਲ ਬਿਜਲੀ ਦੀਆਂ ਦਰਾਂ ਮਹਿੰਗੀਆਂ ਕਰਨ ਦੀ ਥਾਂ ਸਸਤੀਆਂ ਕਰਦੇ ਆ ਰਹੇ ਹਨ, ਨਤੀਜਣ ਜਿੱਥੇ ਅੱਜ ਪੰਜਾਬ ਦੇਸ਼ ਵਿਚ ਮਹਿੰਗੀ ਬਿਜਲੀ ਵਾਲੇ ਸੂਬਿਆਂ ‘ਚ ਸ਼ੁਮਾਰ ਹੈ, ਉੱਥੇ ਦਿੱਲੀ ਸਰਕਾਰ ਆਪਣੇ ਬਿਜਲੀ ਖਪਤਕਾਰਾਂ ਨੂੰ ਸਭ ਤੋਂ ਸਸਤੀ ਬਿਜਲੀ ਮੁਹੱਈਆ ਕਰਨ ਵਾਲੀ ਸਰਕਾਰ ਹੈ।
ਬਾਕਸ ਲਈ
ਬੇਮੌਸਮੀ ਮੀਂਹ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰੇ ਸਰਕਾਰ-ਡਾ. ਬਲਬੀਰ ਸਿੰਘ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਬੇਮੌਸਮੀ ਬਾਰਸ਼ ਕਾਰਨ ਹੋਏ ਭਾਰੀ ਨੁਕਸਾਨ ਦੀ ਭਰਪਾਈ ਲਈ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀ ਤਰਜ਼ ‘ਤੇ ਘੱਟੋ ਘੱਟ 20 ਹਜ਼ਾਰ ਰੁਪਏ ਇੱਕ ਮੁਸ਼ਤ ਮੁਆਵਜ਼ਾ ਪੰਜਾਬ ਦੇ ਕਿਸਾਨਾਂ ਨੂੰ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਮੌਸਮ ਦੀ ਖ਼ਰਾਬੀ, ਬੇਮੌਸਮੀ ਬਾਰਸ਼ ਅਤੇ ਦਰਿਆਈ ਇਲਾਕਿਆਂ ‘ਚ ਪਾਣੀ ਚੜ੍ਹਨ ਕਾਰਨ ਝੋਨੇ ਦੀ ਝਾੜ ‘ਚ ਔਸਤਨ 5 ਕਵਿੰਟਲ ਪ੍ਰਤੀ ਏਕੜ ਝਾੜ ਦੀ ਕਮੀ ਆਈ ਹੈ।
ਡਾ. ਬਲਬੀਰ ਸਿੰਘ ਨੇ ਤਾਜ਼ਾ ਮੀਂਹ ਅਤੇ ਗੜੇਮਾਰੀ ਤੋਂ ਪ੍ਰਭਾਵਿਤ ਇਲਾਕਿਆਂ ਦੀ ਵਿਸ਼ੇਸ਼ ਗਿਰਦਾਵਰੀ ਦੀ ਮੰਗ ਕੀਤੀ।