Nepal ’ਚ ਭਿਆਨਕ ਸੜਕ ਹਾਦਸਾ: 500 ਮੀਟਰ ਡੂੰਘੀ ਖੱਡ ’ਚ ਡਿੱਗੀ ਇਲੈਕਟ੍ਰਿਕ ਵੈਨ, 10 ਲੋਕਾਂ ਦੀ ਮੌਤ
ਚੰਡੀਗੜ੍ਹ, 12 ਨਵੰਬਰ 2026 (ਵਿਸ਼ਵ ਵਾਰਤਾ): ਨੇਪਾਲ ਦੇ ਮਕਵਾਨਪੁਰ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਵੱਡਾ ਸੜਕ ਹਾਦਸਾ ਵਾਪਰਿਆ। ਯਾਤਰੀਆਂ ਨਾਲ ਭਰੀ ਇੱਕ ਇਲੈਕਟ੍ਰਿਕ ਵੈਨ ਬੇਕਾਬੂ ਹੋ ਕੇ ਕਰੀਬ 500 ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ, ਮਧੇਸ਼ ਪ੍ਰਦੇਸ਼ ਨੰਬਰ 03-001 ਜ 0880 ਵਾਲੀ ਇਲੈਕਟ੍ਰਿਕ ਵੈਨ ਕਾਠਮੰਡੂ ਤੋਂ ਸਿਰਾਹੀ ਜਾ ਰਹੀ ਸੀ। ਇਸ ਦੌਰਾਨ ਭੀਮਫੇਦੀ ਗ੍ਰਾਮ ਪਾਲਿਕਾ-6 ਦੇ ਚਿਸਾਪਾਨੀ ਗੜ੍ਹੀ ਨੇੜੇ ਚਾਲਕ ਵਾਹਨ ਤੋਂ ਕੰਟਰੋਲ ਗੁਆ ਬੈਠਾ ਅਤੇ ਵੈਨ ਸੜਕ ਤੋਂ ਹੇਠਾਂ ਡੂੰਘੀ ਖੱਡ ਵਿੱਚ ਡਿੱਗ ਗਈ।
ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਜ਼ਖ਼ਮੀਆਂ ਵਿੱਚ ਸਿਰਾਹੀ ਜ਼ਿਲ੍ਹੇ ਦੇ ਚੱਕਰਘੱਟਾ ਗ੍ਰਾਮ ਪਾਲਿਕਾ-4 ਦੇ ਸੁੰਦਰਪੁਰ ਟੋਲ ਵਾਸੀ 33 ਸਾਲਾ ਮੁਕੇਸ਼ ਯਾਦਵ, ਪੰਜ ਸਾਲਾ ਸਕਸ਼ਮ ਕੁਮਾਰ ਯਾਦਵ ਅਤੇ ਤਿੰਨ ਸਾਲਾ ਸੁਦਨ ਯਾਦਵ ਵੀ ਸ਼ਾਮਲ ਹਨ। ਹੇਟੌਂਡਾ ਹਸਪਤਾਲ ਵਿੱਚ ਦਾਖ਼ਲ ਮੁਕੇਸ਼ ਯਾਦਵ ਦੇ ਸਿਰ ਅਤੇ ਪਿੱਠ ’ਤੇ ਸੱਟਾਂ ਲੱਗੀਆਂ ਹਨ, ਜਦਕਿ ਸਕਸ਼ਮ ਦੇ ਸਰੀਰ ਵਿੱਚ ਅੰਦਰੂਨੀ ਸੱਟਾਂ ਹਨ। ਦੋਵਾਂ ਦੀ ਹਾਲਤ ਸਥਿਰ ਦੱਸੀ ਗਈ ਹੈ। ਤਿੰਨ ਸਾਲਾ ਸੁਦਨ ਦੇ ਸਿਰ ਅਤੇ ਮੂੰਹ ’ਤੇ ਸੱਟਾਂ ਲੱਗੀਆਂ ਹਨ ਅਤੇ ਉਸ ਦੀ ਹਾਲਤ ਦਰਮਿਆਨੀ ਦੱਸੀ ਜਾ ਰਹੀ ਹੈ।
ਨੇਪਾਲ ਦੇ ਹਥਿਆਰਬੰਦ ਪੁਲਿਸ ਬਲ ਦੇ ਸਹਿ-ਬੁਲਾਰੇ ਸ਼ੈਲੇਂਦਰ ਥਾਪਾ ਨੇ ਹਾਦਸੇ ਵਿੱਚ 10 ਮੌਤਾਂ ਅਤੇ ਪੰਜ ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਘਟਨਾ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਰਾਹਤ ਤੇ ਬਚਾਅ ਕਾਰਜ ਚਲਾਏ ਗਏ। ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।























