ਮੋਹਾਲੀ ਵਿਖੇ 31 ਮਾਰਚ ਨੂੰ ਹੋਣ ਵਾਲੀ ਮੈਰਾਥਾਨ ਮੌਕੇ ਦਿੱਤੇ ਜਾਣਗੇ 20 ਲੱਖ ਦੇ ਨਕਦ ਇਨਾਮ
ਚੰਡੀਗੜ੍ਹ, 25 ਜਨਵਰੀ (ਵਿਸ਼ਵ ਵਾਰਤਾ) : ਪੰਜਾਬ ਸਰਕਾਰ ਦੇ ਖੇਡ ਵਿਭਾਗ ਅਤੇ ਚੰਡੀਗੜ੍ਹ ਤੋਂ ਛੱਪਦੇ ਭਾਰਤ ਦੇ ਇੱਕ ਪ੍ਰਮੁੱਖ ਅਖਬਾਰ ਡੇਲੀ ਵਰਲਡ ਵੱਲੋਂ 31 ਮਾਰਚ ਨੂੰ ਕੌਮਾਂਤਰੀ ਪੱਧਰ ਦੇ ਨਿਯਮਾਂ ਮੁਤਾਬਿਕ ਚਿੱਪ ਟਾਈਮਡ (ਵਿਸ਼ੇਸ਼ ਚਿੱਪ ਸਹਿਤ) ਫੁਲ ਮੈਰਾਥਾਨ ਕਰਵਾਈ ਜਾਵੇਗੀ। ਇਸ ਮੌਕੇ 42 ਕਿਲੋਮੀਟਰ ਦੀ ਫੁਲ ਮੈਰਾਥਾਨ, 21 ਕਿਲੋਮੀਟਰ ਦੀ ਹਾਫ ਮੈਰਾਥਾਨ, 10 ਕਿਲੋਮੀਟਰ ਅਤੇ 5 ਕਿਲੋਮੀਟਰ ਦੇ ਮੋਹਾਲੀ ਵਿਖੇ ਹੋਣ ਵਾਲੇ ਰਾਜ ਪੱਧਰੀ ਮੁੱਖ ਮੁਕਾਬਲਿਆਂ ਤੋਂ ਇਲਾਵਾ ਉਸੇ ਦਿਨ ਸੂਬੇ ਭਰ ਦੇ ਜ਼ਿਲ੍ਹਿਆਂ ਵਿੱਚ 5 ਕਿਲੋਮੀਟਰ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੈਰਾਥਾਨ ਦਾ ਮੁੱਖ ਮਕਸਦ ਹੋਵੇਗਾ ਤੰਦਰੁਸਤ ਪੰਜਾਬ ਦੀ ਸਿਰਜਣਾ ਲਈ ਨੌਜਵਾਨਾਂ ਨੂੰ ਊਰਜਾਵਾਨ ਬਣਾਉਣਾ।
ਇਸ ਸਬੰਧੀ ਐਲਾਨ ਅੱਜ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਵਧੀਕ ਮੁੱਖ ਸਕੱਤਰ (ਖੇਡਾਂ ਤੇ ਯੁਵਕ ਸੇਵਾਵਾਂ) ਪੰਜਾਬ ਸ੍ਰੀ ਸੰਜੇ ਕੁਮਾਰ ਅਤੇ ਡੇਲੀ ਵਰਲਡ ਦੇ ਸੀ.ਈ.ਓ. ਸ੍ਰੀ ਐਚ.ਐਸ. ਗੁਜਰਾਲ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਗਿਆ। ਇਸ ਮੌਕੇ ਡਾਇਰੈਕਟਰ (ਖੇਡਾਂ) ਪੰਜਾਬ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਤੇ ਖੇਡ ਅਤੇ ਯੁਵਕ ਮਾਮਲਿਆਂ ਬਾਰੇ ਵਿਭਾਗ ਦੇ ਹੋਰ ਸੀਨੀਅਰ ਅਫ਼ਸਰ ਵੀ ਹਾਜ਼ਰ ਸਨ।
ਇਸ ਮੈਰਾਥਾਨ ਦੇ ਰਾਜ ਪੱਧਰ ‘ਤੇ ਹੋਣ ਵਾਲੇ ਮੁੱਖ ਮੁਕਾਬਲਿਆਂ ਵਿੱਚ 5,000 ਤੋਂ ਜਿਆਦਾ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਦੌੜਾਕ ਹਿੱਸਾ ਲੈਣਗੇ ਅਤੇ ਇਸ ਤੋਂ ਇਲਾਵਾ ਉਸੇ ਦਿਨ ਸੂਬੇ ਦੇ 22 ਵੱਖੋ-ਵੱਖ ਜਿਲ੍ਹਾ ਹੈਡਕੁਆਰਟਰਾਂ ਵਿਖੇ ਹੋਣ ਵਾਲੀ 5 ਕਿਲੋਮੀਟਰ ਦੀ ਦੌੜ ਵਿੱਚ ਤਕਰੀਬਨ 50,000 ਪ੍ਰਤੀਭਾਗੀਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ।
ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ, ”ਐਨਰਜਾਈਜਿੰਗ ਦ ਯੂਥ ਫਾਰ ਏ ਤੰਦਰੁਸਤ ਪੰਜਾਬ” ਦੀ ਵਿਚਾਰਧਾਰਾ ਨੂੰ ਰੂਪਮਾਨ ਕਰਦੇ ਹੋਏ ਰਾਜ ਪੱਧਰੀ ਮੁੱਖ ਮੁਕਾਬਲੇ ਮੋਹਾਲੀ ਦੇ ਸੈਕਟਰ 78 ਵਿਖੇ ਸਥਿਤ ਖੇਡ ਕੰਪਲੈਕਸ ਤੋਂ ਝੰਡੀ ਦਿਖਾ ਕੇ ਸ਼ੁਰੂ ਕਰਵਾਏ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੁਕਾਬਲਿਆਂ ਵਿੱਚ ਸੂਬੇ ਭਰ ਤੋਂ ਵੱਡੀ ਗਿਣਤੀ ਵਿੱਚ ਅਥਲੀਟਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਖੇਡ ਵਿਭਾਗ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਜਿਲ੍ਹਾ ਖੇਡ ਅਫ਼ਸਰਾਂ ਵੱਲੋਂ ਆਪੋ ਆਪਣੇ ਜ਼ਿਲ੍ਹਿਆਂ ਵਿੱਚ ਡੇਲੀ ਵਰਲਡ ਦੀ ਟੀਮ ਦੇ ਸਹਿਯੋਗ ਨਾਲ 5 ਕਿਲੋਮੀਟਰ ਦੌੜ ਮੁਕਾਬਲੇ ਕਰਵਾਏ ਜਾਣਗੇ।
ਇਸ ਮੌਕੇ ਵਧੀਕ ਮੁੱਖ ਸਕੱਤਰ, ਖੇਡਾਂ ਤੇ ਯੁਵਕ ਮਾਮਲੇ ਵਿਭਾਗ, ਸ੍ਰੀ ਸੰਜੇ ਕੁਮਾਰ ਨੇ ਕਿਹਾ ਕਿ ਨੌਜਵਾਨ ਪਨੀਰੀ ਨੂੰ ਸਿਹਤਮੰਦ ਬਣਾਕੇ ਤੰਦਰੁਸਤ ਪੰਜਾਬ ਦੀ ਸਿਰਜਣਾ ਕਰਨਾ ਸੂਬਾ ਸਰਕਾਰ ਦਾ ਮੁੱਖ ਮਕਸਦ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਮੈਰਾਥਾਨ ਮੌਕੇ ਸਭ ਪ੍ਰਕਾਰ ਦੇ ਲੋੜੀਂਦੇ ਇੰਤਜਾਮ ਜਿਵੇਂ ਕਿ ਰੂਟਾਂ ਦਾ ਸੁਚੱਜੇ ਢੰਗ ਨਾਲ ਪ੍ਰਬੰਧ ਕਰਨਾ, ਪਾਣੀ ਦੀ ਸੁਵਿਧਾ ਅਤੇ ਹੋਰ ਪ੍ਰਬੰਧ ਪੁਖਤਾ ਢੰਗ ਨਾਲ ਕੀਤੇ ਜਾਣਗੇ ਤਾਂ ਜੋ ਇਸ ਈਵੈਂਟ ਨੂੰ ਕਾਮਯਾਬ ਕੀਤਾ ਜਾ ਸਕੇ।
ਡੇਲੀ ਵਰਲਡ ਦੇ ਸੀ.ਈ.ਓ. ਸ੍ਰੀ ਐਚ.ਐਸ. ਗੁਜਰਾਲ ਨੇ ਇਸ ਮੌਕੇ ਕਿਹਾ ਕਿ ਇਹ ਅਖਬਾਰ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ 2017 ਵਿੱਚ ਕੌਮਾਂਤਰੀ ਪੱਧਰ ਦੀ ਫੁਲ ਮੈਰਾਥਾਨ ਕਰਵਾਉਣ ਵਾਲਾ ਪਹਿਲਾ ਅਦਾਰਾ ਬਣਿਆ ਸੀ ਅਤੇ ਇਸ ਵੱਲੋਂ 2017 ਅਤੇ 2018 ਵਿੱਚ ਬੇਹਦ ਕਾਮਯਾਬੀ ਨਾਲ ਮੈਰਾਥਾਨ ਦਾ ਆਯੋਜਨ ਕੀਤਾ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਮੁੱਖ ਮੁਕਾਬਲਿਆਂ ਮੌਕੇ ਸੁਚੱਜੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ 1000 ਤੋਂ ਵੱਧ ਵਾਲੰਟਰੀਅਰਾਂ ਨੂੰ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਇਸ ਵਾਰ ਖੇਡ ਵਿਭਾਗ ਪੰਜਾਬ ਨਾਲ ਹੱਥ ਮਿਲਾਉਣ ਕਰਕੇ ਇਹ ਮੁਕਾਬਲੇ ਹੋਰ ਵੀ ਜਿਆਦਾ ਸਫ਼ਲ ਰਹਿਣਗੇ।
ਇਨਾਮੀ ਰਕਮ ਬਾਰੇ ਵੇਰਵੇ ਦਿੰਦੇ ਹੋਏ ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਇਸ ਮੌਕੇ 20 ਲੱਖ ਤੋਂ ਜਿਆਦਾ ਦੀ ਇਨਾਮੀ ਰਕਮ ਵਾਲੇ ਕੁੱਲ 90 ਇਨਾਮ ਦਿੱਤੇ ਜਾਣਗੇ। ਫੁਲ ਮੈਰਾਥਾਨ (ਪੁਰਸ਼/ਮਹਿਲਾ) ਦੇ ਜੇਤੂਆਂ ਨੂੰ ਪ੍ਰਤੀ ਵਰਗ 2 ਲੱਖ ਰੁਪਏ ਦਾ ਇਨਾਮ ਮਿਲੇਗਾ ਜਦੋਂ ਕਿ ਹਾਫ ਮੈਰਾਥਾਨ (ਪੁਰਸ਼/ਮਹਿਲਾ) ਦੇ ਜੇਤੂਆਂ ਨੂੰ ਪ੍ਰਤੀ ਵਰਗ 1.25 ਲੱਖ ਰੁਪਏ ਦਿੱਤੇ ਜਾਣਗੇ। ਇਸ ਮੌਕੇ 45-50, 50-55, 55-60, 60-65 ਅਤੇ 65 ਸਾਲ ਤੋਂ ਜਿਆਦਾ ਦੇ ਉਮਰ ਵਰਗ ਵਾਲੇ ਵਿਅਕਤੀਆਂ ਲਈ ਵੀ ਕੁੱਲ 60 ਵਿਸ਼ੇਸ਼ ਇਨਾਮ ਹੋਣਗੇ।
ਮੈਰਾਥਾਨ ਦੇ ਪੂਰੇ ਰੂਟ ਉੱਪਰ ਵਿਸ਼ੇਸ਼ ਚਿੰਨ੍ਹ ਲੱਗੇ ਹੋਣਗੇ ਅਤੇ ਪੂਰੇ ਰੂਟ ਦੌਰਾਨ ਰਿਫਰੈਸ਼ਮੈਂਟ, ਮੈਡੀਕਲ ਟੀਮਾਂ ਅਤੇ ਨਿਯਤ ਸਥਾਨਾਂ ਉੱਤੇ ਮੋਬਾਈਲ ਪਾਖਾਨਿਆਂ ਦੀ ਸਹੂਲਤ ਵੀ ਮੌਜੂਦ ਰਹੇਗੀ। ਖਾਸ ਪੱਖ ਇਹ ਹੈ ਕਿ ਜੇਤੂਆਂ ਨੂੰ ਇਨਾਮੀ ਰਕਮ ਤੋਂ ਇਲਾਵਾ ਸਾਰੇ ਪ੍ਰਤੀਭਾਗੀਆਂ ਨੂੰ ਚਿੱਪ ਲੱਗੇ ਵਿਸ਼ੇਸ਼ ਚਿੰਨ੍ਹ (ਬਿੱਬ) ਤੋਂ ਇਲਾਵਾ ਟੀ-ਸ਼ਰਟਾਂ, ਆਕਰਸ਼ਕ ਤਮਗੇ, ਰਿਫਰੈਸ਼ਮੈਂਟ ਅਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ। ਸਾਰੇ ਵਾਲੰਟੀਅਰਾਂ ਨੂੰ ਵੀ ਟੀ-ਸ਼ਰਟਾਂ, ਸਰਟੀਫਿਕੇਟ ਅਤੇ ਮੋਮੈਂਟੋ ਪ੍ਰਦਾਨ ਕੀਤੇ ਜਾਣਗੇ।
ਇਸ ਮੈਰਾਥਾਨ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਨਾਮੀ ਦੌੜਾਕ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣਗੇ ਜਿਨ੍ਹਾਂ ਦੀ ਦੇਖ-ਰੇਖ ਲਈ ਇੱਕ ਸਪੈਸ਼ਲ ਯੂਨਿਟ ਦੀ ਤਾਇਨਾਤੀ ਕੀਤੀ ਜਾਵੇਗੀ ਤਾਂ ਜੋ ਇਸ ਮੈਰਾਥਾਨ ਦੀ ਮਕਬੂਲੀਅਤ ਵਿੱਚ ਵਾਧਾ ਹੋਣ ਦੇ ਨਾਲ-ਨਾਲ ਹੀ ਸਿਹਤਮੰਦ ਰਹਿਣ ਪ੍ਰਤੀ ਵੀ ਲੋਕਾਂ ਦਾ ਧਿਆਨ ਖਿੱਚਿਆ ਜਾ ਸਕੇ। ਇਸ ਮੌਕੇ ਮੁੱਖ ਰਾਜ ਪੱਧਰੀ ਮੁਕਾਬਲਿਆਂ ਦੇ ਸਥਾਨ ਵਿਖੇ ਇਸ ਮੈਰਾਥਾਨ ਵਿੱਚ ਹਿੱਸਾ ਲੈਣ ਵਾਲੇ ਦੌੜਾਕਾਂ ਅਤੇ ਲੋਕਾਂ ਦੇ ਮਨੋਰੰਜਨ ਲਈ ਸੱਭਿਆਚਾਰਕ ਪੇਸ਼ਕਾਰੀਆਂ ਵੀ ਖਿੱਚ ਦਾ ਕੇਂਦਰ ਰਹਿਣਗੀਆਂ।