Chhath Puja 2026: ਅੱਜ ਤੋਂ ਸ਼ੁਰੂ ਹੋਇਆ ਚਾਰ ਰੋਜ਼ਾ ਛੱਠ ਪੂਜਾ ਦਾ ਤਿਉਹਾਰ
– ਘਰਾਂ ਤੋਂ ਲੈ ਕੇ ਬਾਜ਼ਾਰਾਂ ਤੇ ਛੱਠ ਘਾਟਾਂ ਤੱਕ ਤਿਆਰੀਆਂ
ਚੰਡੀਗੜ੍ਹ, 13 ਨਵੰਬਰ (ਵਿਸ਼ਵ ਵਾਰਤਾ): ਛਠ ਮਹਾਪਰਵ ਦੀ ਸ਼ੁਰੂਆਤ ਅੱਜ, 13 ਨਵੰਬਰ ਦਿਨ ਸ਼ੁੱਕਰਵਾਰ ਨੂੰ ਨਾਹਏ-ਖਾਏ ਦੀ ਰਸਮ ਨਾਲ ਹੋ ਗਈ ਹੈ। ਚਾਰ ਦਿਨਾਂ ਤੱਕ ਚੱਲਣ ਵਾਲੇ ਇਸ ਪਵਿੱਤਰ ਤਿਉਹਾਰ ਵਿੱਚ ਸੂਰਜ ਦੇਵਤਾ ਅਤੇ ਛਠੀ ਮਈਆ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਇਸ ਦੌਰਾਨ ਵਰਤ ਰੱਖਣ ਵਾਲੇ ਸ਼ਰਧਾਲੂ ਪਰਿਵਾਰ ਦੀ ਸੁੱਖ-ਸਮਰਿੱਧੀ, ਸੰਤਾਨ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹਨ।
ਛਠ ਵਰਤ ਨੂੰ ਸਭ ਤੋਂ ਔਖੇ ਵਰਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਦੀ ਖ਼ਾਸ ਪਰੰਪਰਾ ਡੁੱਬਦੇ ਅਤੇ ਚੜ੍ਹਦੇ ਸੂਰਜ ਨੂੰ ਅਰਘ ਦੇਣਾ ਅਤੇ ਲਗਾਤਾਰ ਕਰੀਬ 36 ਘੰਟੇ ਬਿਨਾਂ ਪਾਣੀ ਪੀਤੇ ਵਰਤ ਰੱਖਣਾ ਹੈ। ਇਸ ਦੌਰਾਨ ਪਵਿੱਤਰਤਾ, ਸੰਜਮ ਅਤੇ ਅਨੁਸ਼ਾਸਨ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ।
ਚਾਰ ਦਿਨਾਂ ਦਾ ਪੂਜਾ ਪ੍ਰੋਗਰਾਮ
13 ਨਵੰਬਰ – ਨਾਹਏ-ਖਾਏ: ਪਹਿਲੇ ਦਿਨ ਵਰਤ ਰੱਖਣ ਵਾਲੇ ਸ਼ਰਧਾਲੂ ਇਸ਼ਨਾਨ ਕਰਕੇ ਸਾਫ਼-ਸੁਥਰੇ ਅਤੇ ਸਾਤਵਿਕ ਭੋਜਨ ਨਾਲ ਵਰਤ ਦੀ ਸ਼ੁਰੂਆਤ ਕਰਦੇ ਹਨ।
14 ਨਵੰਬਰ – ਖਰਨਾ: ਦੂਜੇ ਦਿਨ ਵਰਤੀ ਸਾਰਾ ਦਿਨ ਵਰਤ ਰੱਖਦੇ ਹਨ। ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਮਿੱਟੀ ਦੇ ਚੁੱਲ੍ਹੇ ’ਤੇ ਅੰਬ ਦੀ ਲੱਕੜ ਨਾਲ ਗਾਂ ਦੇ ਦੁੱਧ ਅਤੇ ਗੁੜ ਦੀ ਖੀਰ ਤਿਆਰ ਕੀਤੀ ਜਾਂਦੀ ਹੈ। ਪੂਜਾ ਤੋਂ ਬਾਅਦ ਪ੍ਰਸ਼ਾਦ ਗ੍ਰਹਿਣ ਕੀਤਾ ਜਾਂਦਾ ਹੈ ਅਤੇ ਇਸੇ ਨਾਲ ਕਰੀਬ 36 ਘੰਟਿਆਂ ਦਾ ਨਿਰਜਲਾ ਵਰਤ ਸ਼ੁਰੂ ਹੋ ਜਾਂਦਾ ਹੈ।
15 ਨਵੰਬਰ – ਸੰਧਿਆ ਅਰਘ: ਤੀਜੇ ਦਿਨ ਬਾਂਸ ਦੀਆਂ ਟੋਕਰੀਆਂ ਅਤੇ ਛੱਜਾਂ ਵਿੱਚ ਫਲ ਤੇ ਪੂਜਾ ਸਮੱਗਰੀ ਸਜਾਈ ਜਾਂਦੀ ਹੈ। ਸ਼ਾਮ ਨੂੰ ਵਰਤੀ ਪਰਿਵਾਰ ਸਮੇਤ ਨਦੀ, ਛੱਪੜ ਜਾਂ ਹੋਰ ਜਲ ਸਰੋਤਾਂ ਦੇ ਕੰਢੇ ਪਹੁੰਚਦੇ ਹਨ ਅਤੇ ਪਾਣੀ ਵਿੱਚ ਖੜ੍ਹੇ ਹੋ ਕੇ ਡੁੱਬਦੇ ਸੂਰਜ ਨੂੰ ਅਰਘ ਦਿੰਦੇ ਹਨ। ਪੰਚਾਂਗ ਅਨੁਸਾਰ ਇਸ ਦਿਨ ਸੰਧਿਆ ਅਰਘ ਦਾ ਸਮਾਂ ਸ਼ਾਮ 5 ਵੱਜ ਕੇ 24 ਮਿੰਟ ਹੈ।
16 ਨਵੰਬਰ – ਉਸ਼ਾ ਅਰਘ: ਆਖ਼ਰੀ ਦਿਨ ਸਵੇਰੇ ਚੜ੍ਹਦੇ ਸੂਰਜ ਨੂੰ ਅਰਘ ਦਿੱਤਾ ਜਾਵੇਗਾ। ਇਸ ਤੋਂ ਬਾਅਦ ਛਠੀ ਮਈਆ ਦੀ ਪੂਜਾ ਕਰਕੇ ਵਰਤ ਦਾ ਪਾਰਣ ਕੀਤਾ ਜਾਵੇਗਾ। ਪੰਚਾਂਗ ਮੁਤਾਬਕ ਇਸ ਦਿਨ ਸੂਰਜ ਚੜ੍ਹਨ ਦਾ ਸਮਾਂ ਸਵੇਰੇ 6 ਵੱਜ ਕੇ 43 ਮਿੰਟ ਹੈ।
ਛਠ ਮਹਾਪਰਵ ਦੀ ਸਮਾਪਤੀ 16 ਨਵੰਬਰ ਨੂੰ ਉਸ਼ਾ ਅਰਘ ਅਤੇ ਵਰਤ ਦੇ ਪਾਰਣ ਨਾਲ ਹੋਵੇਗੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਆਉਣ ਵਾਲੇ ਪਵਿੱਤਰ ਤਿਉਹਾਰ ਛੱਠ ਪੂਜਾ ਲਈ ਸੂਬੇ ਭਰ ਵਿੱਚ ਸ਼ਨਾਖਤ ਕੀਤੇ ਗਏ ਸਾਰੇ 104 ਸਥਾਨਾਂ ‘ਤੇ ਵਿਆਪਕ ਅਤੇ ਪੁਖ਼ਤਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਹਰ ਸ਼ਰਧਾਲੂ ਦੀ ਸੁਰੱਖਿਆ ਅਤੇ ਸਹੂਲਤ ਸਰਕਾਰ ਦੀ ਸਭ ਤੋਂ ਪਹਿਲੀ ਪ੍ਰਮੁੱਖਤਾ ਰਹੇਗੀ। ਸੀਨੀਅਰ ਅਧਿਕਾਰੀਆਂ ਨਾਲ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸਾਰੇ ਵਿਭਾਗਾਂ ਨੂੰ ਤਿਆਰੀਆਂ ਸਮੇਂ ਸਿਰ ਮੁਕੰਮਲ ਕਰਨ ਅਤੇ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਸ਼ਰਧਾਲੂ ਪੂਰੀ ਧਾਰਮਿਕ ਸ਼ਰਧਾ, ਉਤਸ਼ਾਹ ਅਤੇ ਅਮਨ-ਸ਼ਾਂਤੀ ਨਾਲ ਤਿਉਹਾਰ ਮਨਾਉਣ।























