ਅੰਮ੍ਰਿਤਪਾਲ ਮਸਲੇ ਨੂੰ ਲੈਕੇ ਸੂਬੇ ‘ਚ ਨੌਜਵਾਨਾਂ ਦੀ ਫੜੋ ਫੜਾਈ ਦੀ ਬੀਕੇਯੂ ਕ੍ਰਾਂਤੀਕਾਰੀ ਪੰਜਾਬ ਨੇ ਕੀਤੀ ਨਿਖੇਧੀ
ਸੂਬੇ ਵਿਚ ਸਥਾਨਕ ਸਰਕਾਰ ਤੇ ਕੇਂਦਰ ਸਰਕਾਰ ਰਲਕੇ ਬਣਾ ਰਹੀਆਂ ਡਰ ਦਾ ਮਾਹੌਲ – ਫੂਲ਼
ਚੰਡੀਗੜ, ਬਠਿੰਡਾ, ਰਾਮਪੁਰਾ ਫੂਲ਼, 23 ਮਾਰਚ (ਵਿਸ਼ਵ ਵਾਰਤਾ)-:ਸੂਬੇ ਚ ਪਿਛਲੇ ਕੁਝ ਦਿਨਾਂ ਤੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਮਸਲੇ ਨੂੰ ਲੈਕੇ ਪੰਜਾਬ ਚ ਨੌਜਵਾਨਾਂ ਦੀ ਫੜੋ ਫੜਾਈ ਕਰਕੇ ਪੈਦਾ ਹੋ ਰਹੇ ਦਹਿਸ਼ਤ ਦੇ ਮਾਹੌਲ ਦੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਨੇ ਸਖ਼ਤ ਸ਼ਬਦਾਂ ਚ ਨਿਖੇਧੀ ਕੀਤੀ ਹੈ। ਇਸ ਮੌਕੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬੇ ਚ ਪੈਦਾ ਹੋਏ ਹਾਲਾਤਾਂ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਜਥੇਬੰਦੀ ਦੇ ਚੇਅਰਮੈਨ ਸੁਰਜੀਤ ਸਿੰਘ ਫੂਲ਼ ਅਤੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਕਿਹਾ ਕਿ ਦੇਸ਼ ਅੰਦਰ ਹਰ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਹੋ ਰਿਹਾ ਹੈ ਜਿਵੇਂ ਕਿ ਸਿਆਸੀ ਵਿਰੋਧੀਆਂ, ਧਾਰਮਿਕ ਘੱਟ ਗਿਣਤੀਆਂ, ਵੱਖੋ ਵੱਖਰੀਆਂ ਕੌਮਾਂ, ਕੌਮਨਿਸਟ ਤੇ ਦਲਿਤਾਂ ਨੂੰ ਯੋਜਨਾ ਬੰਦ ਢੰਗ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਜੋ ਓਹ ਆਪਣੇ ਹੱਕਾਂ ਲਈ ਲੜਾਈ ਨਾ ਲੜ ਸਕਣ। ਆਗੂਆਂ ਕਿਹਾ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂਆਂ ਤੇ ਕਾਰਕੁੰਨਾ ਤੇ ਕੀਤੀ ਜਾ ਰਹੀ ਕਾਰਵਾਈ ਫਾਸ਼ੀਵਾਦੀ ਮੋਦੀ ਹਕੂਮਤ ਦੇ ਸਾਰੇ ਭਾਰਤ ਪੱਧਰ ਤੇ ਏਜੰਡੇ ਦੇ ਅੰਗ ਵਜੋਂ ਕੀਤਾ ਗਿਆ ਜਬਰ ਹੈ ਤਾਂ ਜੋ ਪੰਜਾਬ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਲੋਕਾਂ ਦੀ ਆਵਾਜ ਨੂੰ ਦਬਾਇਆ ਜਾ ਸਕੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰੀ ਏਜੰਡੇ ਨੂੰ ਲਾਗੂ ਕਰਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੱਕਾਂ ਲਈ ਲੜ ਰਹੇ ਪੰਜਾਬੀਆਂ ਨੂੰ ਅੰਮ੍ਰਿਤਪਾਲ ਮਸਲੇ ਦੇ ਬਹਾਨੇ ਦਹਿਸ਼ਤ ਪੈਦਾ ਕਰਨਾ ਚਾਹੁੰਦੀ ਹੈ ਤੇ ਓਹਨਾ ਉਪਰ ਵੱਖੋ ਵੱਖ ਐਕਟਾਂ ਤੇ ਧਾਰਾਵਾਂ ਰਾਹੀਂ ਜੇਲਾਂ ਚ ਬੰਦ ਕਰ ਰਹੀ ਹੈ ਤੇ ਏਹ ਕੋਈ ਹੁਣ ਪਹਿਲੀ ਵਾਰ ਨਹੀਂ ਵਾਪਰਿਆ ਬਲਕਿ ਪਹਿਲਾਂ ਤੋਂ ਵੀ ਕਈ ਵਾਰ ਹੁੰਦਾ ਆਇਆ ਹੈ।
ਆਗੂਆਂ ਕਿਹਾ ਕਿ “ਅਪ੍ਰੇਸ਼ਨ ਅੰਮ੍ਰਿਤਪਾਲ” ਬਹਾਨੇ ਇਹ, ਕਿਸਾਨਾਂ ਮਜਦੂਰਾਂ ਦੇ ਮੋਰਚੇ, ਹਾਕਮ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ, ਮਾਲਬਰੋਜ ਸ਼ਰਾਬ ਫੈਕਟਰੀ ਜ਼ੀਰਾ ਨੂੰ ਬੰਦ ਕਰਵਾਉਣ ਲਈ ਚੱਲ ਰਿਹਾ ਮੋਰਚਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਰੋਕੀਆਂ ਗਈਆਂ ਸਹੂਲਤਾਂ ਦਾ ਮੋਰਚਾ, ਬਹਿਬਲ ਕਲਾਂ ਇਨਸਾਫ ਮੋਰਚਾ ਸਮੇਤ ਹੋਰ ਵੀ ਜੋ ਚੱਲ ਰਹੇ ਮੋਰਚਿਆਂ ਤੋਂ ਲੋਕਾਂ ਦਾ ਧਿਆਨ ਭਟਕਾ ਕੇ ਲੋਕਾਂ ਨੂੰ ਆਪਣੀ ਤਾਕਤ ਰਾਹੀਂ ਗੁਲਾਮੀ ਦਾ ਅਹਿਸਾਸ ਕਰਾਉਣ ਦੇ ਯਤਨ ਕਰ ਰਹੀ ਹੈ। ਇਸੇ ਕਰਕੇ ਪੰਜਾਬ ਵਿੱਚ ਕੇਂਦਰੀ ਬਲ ਬੁਲਾਕੇ ਜਬਰ ਦਾ ਤਾਜ਼ਾ ਕੁਹਾੜਾ ਵਾਹੁਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਸ ਮੌਕੇ ਚੇਅਰਮੈਨ ਸੁਰਜੀਤ ਸਿੰਘ ਫੂਲ਼ ਤੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਪੁਲਿਸ ਕਾਰਵਾਈ ਦੀ ਤਿੱਖੇ ਸ਼ਬਦਾ ਵਿੱਚ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਸੂਬੇ ਦੇ ਨੌਜਵਾਨਾਂ ਉੱਪਰ ਪੁਲਿਸ ਛਾਪੇਮਾਰੀ ਫੌਰੀ ਤੌਰ ਤੇ ਬੰਦ ਕੀਤੀ ਜਾਵੇ ਅਤੇ ਬਿਨਾਂ ਕਿਸੇ ਐਫ਼ਆਈਆਰ ਦੇ ਹਿਰਾਸਤ ਚ ਲਏ ਬੇਕਸੂਰ ਨੌਜਵਾਨਾਂ ਤੇ ਗ੍ਰਿਫਤਾਰ ਕੀਤੇ ਆਗੂਆਂ ਵਰਕਰਾਂ ਨੂੰ ਰਿਹਾਅ ਕੀਤਾ ਜਾਵੇ, ਨਾਲ ਹੀ ਸੂਬੇ ਅੰਦਰ ਪੈਰਾ ਮਿਲਟਰੀ ਫੋਰਸਾਂ ਤੇ ਕੇਂਦਰੀ ਏਜੰਸੀਆਂ ਨੂੰ ਵਾਪਸ ਭੇਜਿਆ ਜਾਵੇ ਅਤੇ ਜੋ ਰਾਸ਼ਟਰੀ ਸੁਰੱਖਿਆ ਐਕਟ ( NSA ) ਦੀ ਕੀਤੀ ਜਾ ਰਹੀ ਦੁਰਵਰਤੋਂ ਨੂੰ ਬੰਦ ਕੀਤਾ ਜਾਵੇ।