UN ‘ਚ ਨੇਤਨਯਾਹੂ ਦੀ ਸਪੀਚ ਦਾ ਵੱਡੇ ਪੱਧਰ ‘ਤੇ ਦੇਸ਼ਾਂ ਨੇ ਕੀਤਾ ਬਾਈਕਾਟ
– ਵਿਰੋਧ ਕਰਦਿਆਂ ਹਾਲ ਤੋਂ ਨਿਕਲੇ ਬਾਹਰ
ਨਵੀਂ ਦਿੱਲੀ, 25 ਸਤੰਬਰ (ਵਿਸ਼ਵ ਵਾਰਤਾ): ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ (UNGA) ਨੂੰ ਸੰਬੋਧਨ ਕੀਤਾ। ਜਿਵੇਂ ਹੀ ਉਹ ਮੰਚ ’ਤੇ ਪਹੁੰਚੇ, ਕਰੀਬ 75 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਉਨ੍ਹਾਂ ਦਾ ਵਿਰੋਧ ਕਰਦਿਆਂ ਹੂਟਿੰਗ ਕੀਤੀ ਅਤੇ ਕਈ ਪ੍ਰਤੀਨਿਧੀ ਹਾਲ ਤੋਂ ਬਾਹਰ ਨਿਕਲ ਗਏ। ਇਸ ਦੌਰਾਨ ਨੇਤਨਯਾਹੂ ਕਰੀਬ 3 ਮਿੰਟ ਤੱਕ ਚੁੱਪ ਖੜ੍ਹੇ ਰਹੇ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਜੇਕਰ ਇੱਥੇ ਕੋਈ ਹੋਰ “ਕਾਇਰ” ਹੈ ਤਾਂ ਉਹ ਵੀ ਬਾਹਰ ਚਲਾ ਜਾਵੇ। ਹਾਲਾਂਕਿ, ਗੈਲਰੀ ਵਿੱਚ ਨੇਤਨਯਾਹੂ ਦੇ ਸਮਰਥਕ ਮੌਜੂਦ ਸਨ। ਉਨ੍ਹਾਂ ਨੇ ਤਾੜੀਆਂ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ‘ਅਮ ਯਿਸਰਾਈਲ ਚਾਈ’ (ਇਜ਼ਰਾਈਲ ਦੀ ਜਨਤਾ ਜ਼ਿੰਦਾ ਹੈ) ਦੇ ਨਾਅਰੇ ਲਗਾਏ।
ਨੇਤਨਯਾਹੂ ਨੇ ਆਪਣੇ ਭਾਸ਼ਣ ਵਿੱਚ ਗਾਜ਼ਾ, ਈਰਾਨ ਅਤੇ ਲੇਬਨਾਨ ਵਿੱਚ ਇਜ਼ਰਾਈਲ ਦੀਆਂ ਫੌਜੀ ਕਾਰਵਾਈਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ 7 ਅਕਤੂਬਰ 2023 ਦੇ ਹਮਲੇ ਦਾ ਹਵਾਲਾ ਦਿੰਦਿਆਂ ਗਾਜ਼ਾ ਵਿੱਚ ਇਜ਼ਰਾਈਲੀ ਫੌਜ ਦੀ ਕਾਰਵਾਈ ਦਾ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਹਮਾਸ ਦੇ ਲੜਾਕਿਆਂ ਵੱਲੋਂ ਇਜ਼ਰਾਈਲੀਆਂ ਨੂੰ ਮਾਰਨ ਦਾ ਤਰੀਕਾ ਬੇਹੱਦ ਭਿਆਨਕ ਸੀ ਅਤੇ ਅਜਿਹੀ ਦਹਿਸ਼ਤ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਨੇਤਨਯਾਹੂ ਨੇ ਕਿਹਾ ਕਿ ਦੁਸ਼ਮਣਾਂ ਨੂੰ ਲੱਗਿਆ ਸੀ ਕਿ ਇਜ਼ਰਾਈਲ ਟੁੱਟ ਜਾਵੇਗਾ, ਪਰ ਅਜਿਹਾ ਨਹੀਂ ਹੋਇਆ ਅਤੇ ਇਜ਼ਰਾਈਲ ਨੇ “ਸ਼ੇਰਾਂ ਵਾਂਗ ਲੜਾਈ” ਕੀਤੀ।
ਇਜ਼ਰਾਈਲ ’ਤੇ ਗਾਜ਼ਾ ਵਿੱਚ ਨਸਲਕੁਸ਼ੀ ਦੇ ਲੱਗ ਰਹੇ ਦੋਸ਼ਾਂ ਨੂੰ ਰੱਦ ਕਰਦਿਆਂ ਨੇਤਨਯਾਹੂ ਨੇ ਇਸ ਨੂੰ “21ਵੀਂ ਸਦੀ ਦਾ ਸਭ ਤੋਂ ਵੱਡਾ ਝੂਠ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਜ਼ਰਾਈਲ ਨੇ ਨਸਲਕੁਸ਼ੀ ਨਹੀਂ ਕੀਤੀ, ਸਗੋਂ ਨਸਲਕੁਸ਼ੀ ਨੂੰ ਰੋਕਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਹਮਾਸ ਦੇ ਸਮਰਥਕਾਂ ਨੂੰ ਮੌਕਾ ਮਿਲਦਾ ਤਾਂ ਉਹ ਹਰ ਯਹੂਦੀ ਨੂੰ ਮਾਰ ਦਿੰਦੇ। ਭਾਸ਼ਣ ਦੌਰਾਨ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਸ਼ੰਸਾ ਕੀਤੀ, ਜਦਕਿ ਨਿਊਯਾਰਕ ਦੇ ਮੇਅਰ ਮਮਦਾਨੀ ਅਤੇ ਕੁਝ ਯੂਰਪੀ ਨੇਤਾਵਾਂ ਦੀ ਆਲੋਚਨਾ ਕੀਤੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















