ਸ਼ੇਰ-ਏ-ਪੰਜਾਬ ਟੀ20 ਲੀਗ: ਨਮਨ ਧੀਰ ਨੂੰ ਅੰਮ੍ਰਿਤਸਰ ਸੂਰਮਾਜ਼ ਨੇ 10.80 ਲੱਖ ’ਚ ਖਰੀਦਿਆ
– ਪੀਸੀਏ ਪ੍ਰਧਾਨ ਅਮਰਜੀਤ ਮਹਿਤਾ ਨੇ ਸ਼ੁਰੂ ਕਰਵਾਈ ਨਿਲਾਮੀ
– ਨਿਲਾਮੀ ਦੀ ਸ਼ੁਰੂਆਤ ਨੇ ਪੰਜਾਬ ਅੰਦਰ ਕ੍ਰਿਕਟ ਦੀ ਬੇਮਿਸਾਲ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ: ਮੀਤ ਹੇਅਰ
ਚੰਡੀਗੜ੍ਹ, 9 ਅਗਸਤ (ਵਿਸ਼ਵ ਵਾਰਤਾ): ਸ਼ੇਰ-ਏ-ਪੰਜਾਬ ਟੀ20 ਲੀਗ ਦੇ ਆਉਣ ਵਾਲੇ ਸੀਜ਼ਨ ਦੀ ਨਿਲਾਮੀ ਦੇ ਪਹਿਲੇ ਪੜਾਅ ਵਿੱਚ ਆਲਰਾਊਂਡਰ ਸਨਵੀਰ ਸਿੰਘ ਸਭ ਤੋਂ ਮਹਿੰਗੇ ਖਿਡਾਰੀ ਰਹੇ। ਫਾਜ਼ਿਲਕਾ ਫਾਲਕਨਜ਼ ਨੇ ਉਨ੍ਹਾਂ ਨੂੰ 13.20 ਲੱਖ ਰੁਪਏ ਵਿੱਚ ਖਰੀਦਿਆ। ਹੁਣ ਸਨਵੀਰ ਸਿੰਘ ਮਾਰਕੀ ਖਿਡਾਰੀ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨਾਲ ਫਾਜ਼ਿਲਕਾ ਫਾਲਕਨਜ਼ ਵੱਲੋਂ ਖੇਡਣਗੇ।
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਨੇ ਨਿਲਾਮੀ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਲਏ ਸੁਪਨੇ ਨੂੰ ਹਕੀਕਤ ਬਣਾਉਣ ਲਈ ਲਗਾਤਾਰ ਮਿਹਨਤ ਕੀਤੀ ਜਾ ਰਹੀ ਹੈ। ਇਸ ਲੀਗ ਰਾਹੀਂ ਪੰਜਾਬ ਭਰ ਦੇ ਕ੍ਰਿਕਟਰਾਂ ਨੂੰ ਮੁਹਾਲੀ ਦੇ ਪੀਸੀਏ ਸਟੇਡੀਅਮ ਵਰਗੇ ਪ੍ਰਸਿੱਧ ਮੈਦਾਨ ’ਤੇ ਖੇਡਣ ਅਤੇ ਵੱਡੇ ਪੱਧਰ ’ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ।
ਨਿਲਾਮੀ ਦੌਰਾਨ ਨਮਨ ਧੀਰ ਨੂੰ ਅੰਮ੍ਰਿਤਸਰ ਸੂਰਮਾਜ਼ ਨੇ 10.80 ਲੱਖ, ਜਦਕਿ ਅਮੋਲਪ੍ਰੀਤ ਸਿੰਘ ਨੂੰ ਮੋਹਾਲੀ ਕਿੰਗਜ਼ ਨੇ 8.20 ਲੱਖ ਰੁਪਏ ਵਿੱਚ ਖਰੀਦਿਆ। ਹਰਨੂਰ ਸਿੰਘ ਅਤੇ ਅਸ਼ਵਨੀ ਕੁਮਾਰ ਨੂੰ ਬਠਿੰਡਾ ਰਾਇਲਜ਼ ਨੇ 7-7 ਲੱਖ ਰੁਪਏ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ। ਸੁਖਦੀਪ ਬਾਜਵਾ ਨੂੰ ਜਲੰਧਰ ਵਾਰਿਅਰਜ਼ ਨੇ 6 ਲੱਖ, ਹਰਪ੍ਰੀਤ ਬਰਾੜ ਨੂੰ ਮੋਹਾਲੀ ਕਿੰਗਜ਼ ਨੇ 4 ਲੱਖ ਅਤੇ ਮਯੰਕ ਮਾਰਕੰਡੇ ਨੂੰ ਅੰਮ੍ਰਿਤਸਰ ਸੂਰਮਾਜ਼ ਨੇ 1.50 ਲੱਖ ਰੁਪਏ ਵਿੱਚ ਖਰੀਦਿਆ।
ਪੀਸੀਏ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਨਿਲਾਮੀ ਦੇ ਪਹਿਲੇ ਪੜਾਅ ਨੇ ਪੰਜਾਬ ਵਿੱਚ ਕ੍ਰਿਕਟ ਦੀ ਬੇਮਿਸਾਲ ਪ੍ਰਤਿਭਾ ਨੂੰ ਦਰਸਾਇਆ ਹੈ। ਫ੍ਰੈਂਚਾਈਜ਼ੀਆਂ ਨੇ ਉਨ੍ਹਾਂ ਖਿਡਾਰੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਵਿੱਚ ਨਿਵੇਸ਼ ਕਰਨ ਲਈ ਭਾਰੀ ਉਤਸ਼ਾਹ ਦਿਖਾਇਆ ਹੈ, ਜਿਨ੍ਹਾਂ ਵਿੱਚ ਉੱਚ ਪੱਧਰ ’ਤੇ ਨਾਮ ਬਣਾਉਣ ਦੀ ਸਮਰੱਥਾ ਹੈ।
ਲੀਗ ਵਿੱਚ ਫਾਜ਼ਿਲਕਾ ਫਾਲਕਨਜ਼, ਅੰਮ੍ਰਿਤਸਰ ਸੂਰਮਾਜ਼, ਲੁਧਿਆਣਾ ਲਾਇਨਜ਼, ਜਲੰਧਰ ਵਾਰਿਅਰਜ਼, ਮੋਹਾਲੀ ਕਿੰਗਜ਼ ਅਤੇ ਬਠਿੰਡਾ ਰਾਇਲਜ਼ ਸਮੇਤ ਛੇ ਟੀਮਾਂ ਹਿੱਸਾ ਲੈਣਗੀਆਂ। ਸ਼ੁਭਮਨ ਗਿੱਲ, ਅਭਿਸ਼ੇਕ ਸ਼ਰਮਾ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ, ਰਾਮਦੀਪ ਸਿੰਘ ਅਤੇ ਗੁਰਨੂਰ ਬਰਾੜ ਮਾਰਕੀ ਖਿਡਾਰੀ ਹਨ, ਜਿਨ੍ਹਾਂ ਨੂੰ 10-10 ਲੱਖ ਰੁਪਏ ਵਿੱਚ ਟੀਮਾਂ ਨੇ ਚੁਣਿਆ ਹੈ। ਲੀਗ ਦਾ ਉਦੇਸ਼ ਪੰਜਾਬ ਦੀ ਨਵੀਂ ਕ੍ਰਿਕਟ ਪ੍ਰਤਿਭਾ ਨੂੰ ਮਜ਼ਬੂਤ ਮੰਚ ਦੇਣਾ ਅਤੇ ਉਨ੍ਹਾਂ ਲਈ ਉੱਚ ਪੱਧਰੀ ਕ੍ਰਿਕਟ ਤੱਕ ਪਹੁੰਚ ਦਾ ਰਾਹ ਤਿਆਰ ਕਰਨਾ ਹੈ।























