Punjab Police ‘ਚ ਹੁਣ SI ਦੀ ਸਿੱਧੀ ਭਰਤੀ ਨਹੀਂ, ASI ਦੇ ਅਹੁਦੇ ’ਤੇ ਹੋਵੇਗੀ ਭਰਤੀ
ਚੰਡੀਗੜ੍ਹ, 9 ਅਗਸਤ (ਵਿਸ਼ਵ ਵਾਰਤਾ): ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ (SI) ਬਣਨ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੱਡਾ ਬਦਲਾਅ ਸਾਹਮਣੇ ਆਇਆ ਹੈ। ਸਰਕਾਰ ਨੇ ਹੁਣ SI ਦੀ ਸਿੱਧੀ ਭਰਤੀ ਦੀ ਬਜਾਏ ਸਹਾਇਕ ਸਬ-ਇੰਸਪੈਕਟਰ (ASI) ਦੀ ਸਿੱਧੀ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨਿਯਮ, 1934 ਵਿੱਚ ਸੋਧ ਕੀਤੀ ਹੈ। ਇਸ ਤੋਂ ਬਾਅਦ ‘ਪੰਜਾਬ ਪੁਲਿਸ (ਦੂਜਾ ਸੋਧ) ਨਿਯਮ, 2026’ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਇਹ ਨਿਯਮ ਭਵਿੱਖ ਵਿੱਚ ਹੋਣ ਵਾਲੀਆਂ ਪੁਲਿਸ ਭਰਤੀਆਂ ’ਤੇ ਲਾਗੂ ਹੋਵੇਗਾ।



ਪਹਿਲਾਂ ਕੀ ਸੀ ਨਿਯਮ ?
ਪਹਿਲਾਂ ਪੰਜਾਬ ਪੁਲਿਸ ਵਿੱਚ SI ਦੀਆਂ 50 ਫ਼ੀਸਦੀ ਤੱਕ ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰੀਆਂ ਜਾ ਸਕਦੀਆਂ ਸਨ। ਨਵੇਂ ਨਿਯਮਾਂ ਤੋਂ ਬਾਅਦ ਸਿੱਧੀ ਭਰਤੀ ਦਾ ਢਾਂਚਾ ਬਦਲ ਦਿੱਤਾ ਗਿਆ ਹੈ ਅਤੇ ASI ਦੇ ਅਹੁਦੇ ’ਤੇ ਸਿੱਧੀ ਭਰਤੀ ਕੀਤੀ ਜਾਵੇਗੀ।
ਇਸ ਫੈਸਲੇ ਨਾਲ ਉਹ ਉਮੀਦਵਾਰ ਪ੍ਰਭਾਵਿਤ ਹੋ ਸਕਦੇ ਹਨ ਜੋ ਪੰਜਾਬ ਪੁਲਿਸ ਵਿੱਚ SI ਦੀ ਸਿੱਧੀ ਭਰਤੀ ਦੀ ਤਿਆਰੀ ਕਰ ਰਹੇ ਸਨ। ਹੁਣ ਉਨ੍ਹਾਂ ਨੂੰ ਨਵੇਂ ਭਰਤੀ ਨਿਯਮਾਂ ਅਨੁਸਾਰ ASI ਦੇ ਅਹੁਦੇ ਲਈ ਯੋਗਤਾ ਅਤੇ ਭਰਤੀ ਪ੍ਰਕਿਰਿਆ ਨੂੰ ਦੇਖਣਾ ਹੋਵੇਗਾ। ਦੱਸਿਆ ਗਿਆ ਹੈ ਕਿ ਚੰਡੀਗੜ੍ਹ ਪੁਲਿਸ ਵਿੱਚ ਵੀ ਸਿੱਧੀ ASI ਭਰਤੀ ਦਾ ਪ੍ਰਬੰਧ ਹੈ, ਜਦਕਿ ਇਹ ਵਿਵਸਥਾ ਹੋਰ ਗੁਆਂਢੀ ਸੂਬਿਆਂ/ਖੇਤਰਾਂ ਵਿੱਚ ਇਸੇ ਤਰ੍ਹਾਂ ਲਾਗੂ ਨਹੀਂ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























