Punjab PCS ਪ੍ਰੀਖਿਆ ਦੇ ਨਤੀਜਿਆਂ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ, ਪੜ੍ਹੋ ਕੀ ਹੈ ਮਾਮਲਾ
ਚੰਡੀਗੜ੍ਹ, 5 ਨਵੰਬਰ 2026 (ਵਿਸ਼ਵ ਵਾਰਤਾ): ਪੰਜਾਬ ਲੋਕ ਸੇਵਾ ਕਮਿਸ਼ਨ (PPSC) ਵੱਲੋਂ ਪੰਜਾਬ PCS ਮੁੱਖ ਪ੍ਰੀਖਿਆ-2026 ਦਾ ਨਤੀਜਾ ਬੁੱਧਵਾਰ ਦੇਰ ਰਾਤ ਜਾਰੀ ਕੀਤਾ ਗਿਆ ਸੀ। ਪਰ ਨਤੀਜੇ ਜਾਰੀ ਹੋਣ ਤੋਂ ਬਾਅਦ ਪ੍ਰੀਖਿਆ ਦੇ ਨਤੀਜਿਆਂ ‘ਚ ਧਾਂਦਲੀ ਹੋਣ ਦੇ ਦੋਸ਼ ਲੱਗ ਰਹੇ ਹਨ। ਉਮੀਦਵਾਰਾਂ ਨੇ ਪ੍ਰੀਖਿਆ ਦੀ ਪ੍ਰਕਿਰਿਆ, ਉੱਤਰ-ਪੱਤਰੀਆਂ ਦੇ ਮੁਲਾਂਕਣ ਅਤੇ ਚੋਣ ਸੂਚੀ ਵਿੱਚ ਕਥਿਤ ਬੇਨਿਯਮੀਆਂ ਦੇ ਦੋਸ਼ ਲਗਾਉਂਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਉਮੀਦਵਾਰਾਂ ਵੱਲੋਂ ਨਤੀਜਿਆਂ ਦਾ ਵਿਸ਼ਲੇਸ਼ਣ ਕਰਨ ਮਗਰੋਂ ਕੁਝ ਪ੍ਰੀਖਿਆ ਕੇਂਦਰਾਂ ਅਤੇ ਕਮਰਿਆਂ ਦੇ ਅੰਕੜਿਆਂ ’ਤੇ ਇਤਰਾਜ਼ ਜਤਾਇਆ ਗਿਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਕੁਝ ਕਮਰਿਆਂ ਵਿੱਚੋਂ ਬੈਠੇ ਉਮੀਦਵਾਰਾਂ ਦੀ ਵੱਡੀ ਗਿਣਤੀ ਇੰਟਰਵਿਊ ਲਈ ਚੁਣੀ ਗਈ, ਜਦਕਿ ਹੋਰ ਕੇਂਦਰਾਂ ਵਿੱਚ ਸਫ਼ਲਤਾ ਦੀ ਦਰ ਕਾਫ਼ੀ ਘੱਟ ਰਹੀ। ਇਸ ਆਧਾਰ ’ਤੇ ਉਨ੍ਹਾਂ ਨੇ ਨਤੀਜਿਆਂ ਦੀ ਪਾਰਦਰਸ਼ਤਾ ’ਤੇ ਸਵਾਲ ਖੜ੍ਹੇ ਕੀਤੇ ਹਨ।
ਉਮੀਦਵਾਰਾਂ ਮੁਤਾਬਕ, ਸੈਂਟਰ-7 ਦੇ ਕਮਰਾ ਨੰਬਰ 8 ਵਿੱਚ ਬੈਠੇ 24 ਉਮੀਦਵਾਰਾਂ ਵਿੱਚੋਂ 11 ਨੂੰ ਸ਼ਾਰਟਲਿਸਟ ਕੀਤਾ ਗਿਆ, ਜੋ ਕਿ 45.8 ਫ਼ੀਸਦੀ ਬਣਦਾ ਹੈ। ਇਸੇ ਤਰ੍ਹਾਂ ਸੈਂਟਰ-11 ਦੇ ਕਮਰਾ ਨੰਬਰ 14 ਵਿੱਚੋਂ 24 ਵਿੱਚੋਂ 10 ਅਤੇ ਸੈਂਟਰ-4 ਦੇ ਕਮਰਾ ਨੰਬਰ 19 ਵਿੱਚੋਂ ਵੀ 24 ਵਿੱਚੋਂ 10 ਉਮੀਦਵਾਰ ਇੰਟਰਵਿਊ ਲਈ ਚੁਣੇ ਗਏ। ਉਮੀਦਵਾਰਾਂ ਦਾ ਕਹਿਣਾ ਹੈ ਕਿ ਵੱਖ-ਵੱਖ ਕੇਂਦਰਾਂ ਦੇ ਚਾਰ ਕਮਰਿਆਂ ਵਿੱਚੋਂ ਲਗਭਗ 10-10 ਜਾਂ ਇਸ ਤੋਂ ਵੱਧ ਉਮੀਦਵਾਰਾਂ ਦੀ ਚੋਣ ਹੋਣ ਦੀ ਜਾਂਚ ਹੋਣੀ ਚਾਹੀਦੀ ਹੈ।
ਇਸ ਤੋਂ ਇਲਾਵਾ, ਉਨ੍ਹਾਂ ਨੇ ਦਾਅਵਾ ਕੀਤਾ ਕਿ ਸੈਂਟਰ-8 ਵਿੱਚ ਸ਼ਾਰਟਲਿਸਟ ਹੋਣ ਦੀ ਦਰ 24.21 ਫ਼ੀਸਦੀ ਰਹੀ, ਜਦਕਿ ਸੈਂਟਰ-1 ਦੇ ਕਮਰਾ ਨੰਬਰ 1 ਤੋਂ 7 ਤੱਕ ਇਹ ਦਰ ਸਿਰਫ਼ 2.89 ਫ਼ੀਸਦੀ ਸੀ। ਇਸੇ ਕੇਂਦਰ ਦੇ ਕਮਰਾ ਨੰਬਰ 8 ਤੋਂ 18 ਤੱਕ ਚੋਣ ਦਰ 13.77 ਫ਼ੀਸਦੀ ਦੱਸੀ ਗਈ ਹੈ। ਉਮੀਦਵਾਰਾਂ ਨੇ ਲਗਾਤਾਰ ਲੜੀ ਵਿੱਚ ਆਉਣ ਵਾਲੇ ਰੋਲ ਨੰਬਰਾਂ ਵਾਲੇ ਕੁਝ ਪ੍ਰੀਖਿਆਰਥੀਆਂ ਦੀ ਚੋਣ ’ਤੇ ਵੀ ਸਵਾਲ ਉਠਾਏ ਹਨ।
ਵਿਵਾਦ ਦਾ ਇੱਕ ਹੋਰ ਮੁੱਖ ਕਾਰਨ ਇੰਟਰਵਿਊ ਲਈ ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਦੀ ਗਿਣਤੀ ਹੈ। ਉਮੀਦਵਾਰਾਂ ਦਾ ਕਹਿਣਾ ਹੈ ਕਿ ਭਰਤੀ ਨਿਯਮਾਂ ਅਨੁਸਾਰ ਇਸ਼ਤਿਹਾਰ ਵਿੱਚ ਦਰਜ ਅਸਾਮੀਆਂ ਦੇ ਮੁਕਾਬਲੇ ਤਿੰਨ ਗੁਣਾ ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ, ਕੁੱਲ 331 ਅਸਾਮੀਆਂ ਲਈ ਸਿਰਫ਼ 751 ਉਮੀਦਵਾਰਾਂ ਨੂੰ ਹੀ ਅਗਲੇ ਪੜਾਅ ਵਾਸਤੇ ਚੁਣਿਆ ਗਿਆ ਹੈ। ਇਸ ਅਨੁਪਾਤ ਬਾਰੇ ਕਮਿਸ਼ਨ ਵੱਲੋਂ ਸਪੱਸ਼ਟੀਕਰਨ ਦਿੱਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।
ਉਮੀਦਵਾਰਾਂ ਨੇ ਉੱਤਰ-ਪੱਤਰੀਆਂ ਦੇ ਮੁਲਾਂਕਣ ਦੀ ਪ੍ਰਕਿਰਿਆ ਨੂੰ ਲੈ ਕੇ ਵੀ ਗੰਭੀਰ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਕਾਪੀਆਂ ਦੀ ਜਾਂਚ ਤਜਰਬੇਕਾਰ ਪ੍ਰੋਫੈਸਰਾਂ ਜਾਂ ਵਿਸ਼ਾ ਮਾਹਿਰਾਂ ਦੀ ਬਜਾਏ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੋਂ ਕਰਵਾਈ ਗਈ। ਕੁਝ ਉਮੀਦਵਾਰਾਂ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਮੁਲਾਂਕਣ ਨਾਲ ਜੁੜੇ ਕੁਝ ਵਿਅਕਤੀਆਂ ਨੂੰ ਪਹਿਲਾਂ ਹੀ ਪਤਾ ਸੀ ਕਿ ਉਨ੍ਹਾਂ ਨੂੰ ਕਿੰਨੀਆਂ ਉੱਤਰ-ਪੱਤਰੀਆਂ ਜਾਂਚ ਲਈ ਮਿਲਣਗੀਆਂ।
ਇਸ ਤੋਂ ਇਲਾਵਾ, ਉਮੀਦਵਾਰਾਂ ਨੇ ਨਤੀਜਿਆਂ ਦੀ ਸੂਚੀ ਵਿੱਚ ਕੁਝ ਅਜਿਹੇ ਰੋਲ ਨੰਬਰ ਹੋਣ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਨਾਲ ਸਬੰਧਤ ਪ੍ਰੀਖਿਆਰਥੀ ਕਥਿਤ ਤੌਰ ’ਤੇ ਪ੍ਰੀਖਿਆ ਵਿੱਚ ਗੈਰ-ਹਾਜ਼ਰ ਸਨ। ਉਨ੍ਹਾਂ ਮੁਤਾਬਕ, ਇਸ ਮਾਮਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ।
ਇਨ੍ਹਾਂ ਸਾਰੇ ਇਤਰਾਜ਼ਾਂ ਨੂੰ ਲੈ ਕੇ ਉਮੀਦਵਾਰਾਂ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਅਤੇ ਸੀਬੀਆਈ ਨੂੰ ਮੰਗ ਪੱਤਰ ਭੇਜ ਕੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਸ਼ਿਕਾਇਤਾਂ ’ਤੇ ਤਸੱਲੀਬਖ਼ਸ਼ ਕਾਰਵਾਈ ਨਾ ਹੋਈ ਤਾਂ ਉਹ ਨਿਆਂ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ। ਫਿਲਹਾਲ ਇਹ ਸਾਰੇ ਇਤਰਾਜ਼ ਅਤੇ ਦੋਸ਼ ਉਮੀਦਵਾਰਾਂ ਵੱਲੋਂ ਲਗਾਏ ਗਏ ਹਨ। ਇਨ੍ਹਾਂ ਬਾਰੇ ਕਮਿਸ਼ਨ ਦਾ ਪੱਖ ਜਾਂ ਕੋਈ ਅਧਿਕਾਰਤ ਸਪੱਸ਼ਟੀਕਰਨ ਸਾਹਮਣੇ ਆਉਣਾ ਬਾਕੀ ਹੈ।























