ਚੰਡੀਗੜ੍ਹ, 25 ਨਵੰਬਰ(ਵਿਸ਼ਵ ਵਾਰਤਾ) ਏਆਈਐਕਸਕਾਨ 2026 ਦੇ ਪਹਿਲੇ ਐਡੀਸ਼ਨ ਵਿੱਚ ਅੱਜ ਇੱਥੇ ਟੈਗੋਰ ਥੀਏਟਰ ਵਿਖੇ ਤਕਨਾਲੋਜੀ ਮਾਹਿਰਾਂ, ਉੱਦਮੀਆਂ, ਸਿੱਖਿਆ ਮਾਹਿਰਾਂ, ਸਿਹਤ ਮਾਹਿਰਾਂ ਅਤੇ ਨੀਤੀ ਨਿਰਮਾਤਾਵਾਂ ਨੇ ਹਿੱਸਾ ਲਿਆ। ਏਆਈਐਕਸ ਫਾਊਂਡੇਸ਼ਨ ਅਤੇ ਵੀਐੱਸਐੱਲਐੱਸ ਵੱਲੋਂ ਕਰਵਾਈ ਗਈ ਇਸ ਕਾਨਫਰੰਸ ਦੀ ਟਾਈਟਲ ਸਪਾਂਸਰ ਸ਼ੂਲਿਨੀ ਯੂਨੀਵਰਸਿਟੀ ਸੀ। ਬ੍ਰਿਕਸ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਬ੍ਰਿਕਸ ਸੀਸੀਆਈ) ਦੇ ਚੇਅਰਮੈਨ ਸ੍ਰੀ ਸਮੀਪ ਸ਼ਾਸਤਰੀ ਮੁੱਖ ਮਹਿਮਾਨ ਸਨ।
ਪੰਜਾਬ ਸਰਕਾਰ ਦੇ ਆਈਟੀ ਸਕੱਤਰ ਡਾ. ਧੀਰੇਂਦਰ ਕੁਮਾਰ ਤਿਵਾੜੀ, ਸ਼ੂਲਿਨੀ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਪ੍ਰੋ. ਵਿਸ਼ਾਲ ਆਨੰਦ ਅਤੇ ਪ੍ਰਸਿੱਧ ਅਦਾਕਾਰ ਤੇ ਹਾਸਰਸ ਕਲਾਕਾਰ ਗੁਰਪ੍ਰੀਤ ਘੁੱਗੀ ਵਿਸ਼ੇਸ਼ ਮਹਿਮਾਨ ਸਨ।
ਚੰਡੀਗੜ੍ਹ ਦੇ ਨੌਜਵਾਨ ਉੱਦਮੀ ਅਤੇ ਏਆਈਐਕਸ ਫਾਊਂਡੇਸ਼ਨ ਦੇ ਸੰਸਥਾਪਕ ਤੇ ਪ੍ਰਧਾਨ, ਏਆਈਐਕਸਕਾਨ 2026 ਦੇ ਆਰਗੇਨਾਈਜ਼ਿੰਗ ਚੇਅਰਮੈਨ ਅਤੇ ਕੈਲਿਡੋਰਾ ਟੈਕਨਾਲੋਜੀ ਦੇ ਸੰਸਥਾਪਕ ਤੇ ਸੀਈਓ ਅਦਿਤ ਜਿੰਦਲ ਦੀ ਸੋਚ ਤੋਂ ਸ਼ੁਰੂ ਹੋਈ ਇਸ ਕਾਨਫਰੰਸ ਦਾ ਉਦੇਸ਼ ਟ੍ਰਾਈਸਿਟੀ ਨੂੰ ਏਆਈ ਨਵੀਨਤਾ ਦੇ ਕੇਂਦਰ ਵਜੋਂ ਸਥਾਪਿਤ ਕਰਨਾ ਸੀ।
ਅਦਿਤ ਜਿੰਦਲ ਨੇ ਕਿਹਾ, “ਮੈਂ ਇੱਥੋਂ ਦੇ ਨੌਜਵਾਨਾਂ ਨੂੰ ਦਿਖਾਉਣਾ ਚਾਹੁੰਦਾ ਹਾਂ ਕਿ ਸਫਲਤਾ ਹਾਸਲ ਕਰਨ ਲਈ ਉਨ੍ਹਾਂ ਨੂੰ ਆਪਣਾ ਸ਼ਹਿਰ ਛੱਡਣ ਦੀ ਲੋੜ ਨਹੀਂ ਹੈ। ਤੁਸੀਂ ਆਪਣੇ ਸ਼ਹਿਰ ਵਿੱਚ ਰਹਿ ਕੇ ਵੀ ਵਿਸ਼ਵ ਪੱਧਰੀ ਕੰਮ ਕਰ ਸਕਦੇ ਹੋ।”
ਸਮੀਪ ਸ਼ਾਸਤਰੀ ਨੇ ਕਿਹਾ, “ਅੱਜ ਸਭ ਤੋਂ ਵੱਡੀ ਚੁਣੌਤੀ ਏਆਈ ਨਵੀਨਤਾ ਅਤੇ ਇਸ ਦੀ ਵਿਹਾਰਕ ਵਰਤੋਂ ਵਿਚਲੇ ਪਾੜੇ ਨੂੰ ਘਟਾਉਣਾ ਹੈ, ਖ਼ਾਸ ਕਰਕੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ, ਸਟਾਰਟਅੱਪਸ ਅਤੇ ਉੱਭਰ ਰਹੀਆਂ ਅਰਥਵਿਵਸਥਾਵਾਂ ਲਈ। ਏਆਈਐਕਸਕਾਨ ਸਹਿਯੋਗ ਵਧਾਉਣ, ਵਿਚਾਰਾਂ ਦੇ ਆਦਾਨ-ਪ੍ਰਦਾਨ ਅਤੇ ਸਾਰਥਕ ਸਾਂਝੇਦਾਰੀਆਂ ਵਿਕਸਿਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਹੈ, ਜਿਸ ਰਾਹੀਂ ਏਆਈ ਨੂੰ ਵਧੇਰੇ ਪਹੁੰਚਯੋਗ, ਜ਼ਿੰਮੇਵਾਰ ਅਤੇ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ।”
ਡਾ. ਰਾਵੁਲ ਜਿੰਦਲ, ਡਾਇਰੈਕਟਰ, ਵੈਸਕੁਲਰ ਐਂਡ ਐਂਡੋਵੈਸਕੁਲਰ ਸਰਜਰੀ, ਫੋਰਟਿਸ ਹਸਪਤਾਲ, ਮੋਹਾਲੀ, ਨੇ ਕਿਹਾ, “ਏਆਈ ਡਾਕਟਰਾਂ ਵੱਲੋਂ ਬੋਲ ਕੇ ਦਿੱਤੀ ਜਾਣਕਾਰੀ ਨੂੰ ਕਲੀਨੀਕਲ ਨੋਟਸ ਅਤੇ ਡਿਸਚਾਰਜ ਸਮਰੀ ਵਿੱਚ ਬਦਲਣ, ਅੰਕੜੇ ਇਕੱਠੇ ਕਰਨ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ, ਮੈਡੀਕਲ ਸਾਹਿਤ ਦਾ ਸਾਰ ਤਿਆਰ ਕਰਨ, ਖੋਜ ਪੱਤਰਾਂ ਨੂੰ ਬਿਹਤਰ ਬਣਾਉਣ ਅਤੇ ਪੇਸ਼ਕਾਰੀਆਂ ਤਿਆਰ ਕਰਨ ਵਿੱਚ ਮਦਦ ਕਰਦਾ ਹੈ। ਇਸ ਨਾਲ ਡਾਕਟਰਾਂ ਨੂੰ ਮਰੀਜ਼ਾਂ ਨਾਲ ਵਧੇਰੇ ਸਮਾਂ ਬਿਤਾਉਣ ਦਾ ਮੌਕਾ ਮਿਲਦਾ ਹੈ।”
ਪ੍ਰੋ. ਨਿਸ਼ਠਾ ਸ਼ੁਕਲਾ ਆਨੰਦ, ਟਰੱਸਟੀ ਅਤੇ ਡਾਇਰੈਕਟਰ, ਸ਼ੂਲਿਨੀ ਯੂਨੀਵਰਸਿਟੀ, ਨੇ ਕਿਹਾ, “ਸਿੱਖਿਆ ਖੇਤਰ ਕੋਲ ਏਆਈ ਦੀ ਵਰਤੋਂ ਰਾਹੀਂ ਪੜ੍ਹਾਈ ਨੂੰ ਵਧੇਰੇ ਲਚਕੀਲਾ ਅਤੇ ਹਰ ਵਿਦਿਆਰਥੀ ਦੀਆਂ ਲੋੜਾਂ ਅਨੁਸਾਰ ਬਣਾਉਣ ਦਾ ਵੱਡਾ ਮੌਕਾ ਹੈ। ਚੁਣੌਤੀ ਇਹ ਹੈ ਕਿ ਅਜਿਹਾ ਕਰਦਿਆਂ ਸਿੱਖਿਆ ਦੇ ਮਨੁੱਖੀ ਪੱਖ ਨੂੰ ਕੇਂਦਰ ਵਿੱਚ ਕਿਵੇਂ ਰੱਖਿਆ ਜਾਵੇ। ਮਾਰਗਦਰਸ਼ਨ, ਆਪਸੀ ਜੁੜਾਅ ਅਤੇ ਹੌਸਲਾ ਅਫ਼ਜ਼ਾਈ ਵਿਦਿਆਰਥੀਆਂ ਵਿੱਚ ਫ਼ੈਸਲੇ ਲੈਣ ਦੀ ਸਮਰੱਥਾ, ਰਚਨਾਤਮਕਤਾ ਅਤੇ ਆਤਮਵਿਸ਼ਵਾਸ ਪੈਦਾ ਕਰਦੇ ਹਨ। ਸਿੱਖਿਆ ਵਿੱਚ ਏਆਈ ਨੂੰ ਸ਼ਾਮਲ ਕਰਨ ਦਾ ਸਾਡਾ ਤਰੀਕਾ ਇਹ ਵੀ ਤੈਅ ਕਰੇਗਾ ਕਿ ਆਉਣ ਵਾਲੀ ਪੀੜ੍ਹੀ ਇਸ ਦੀ ਵਰਤੋਂ ਕਿਵੇਂ ਕਰਦੀ ਹੈ ਅਤੇ ਸਮਾਜ ਵਿੱਚ ਕਿਸ ਤਰ੍ਹਾਂ ਯੋਗਦਾਨ ਪਾਉਂਦੀ ਹੈ। ਏਆਈਐਕਸਕਾਨ ਸਾਨੂੰ ਇਨ੍ਹਾਂ ਚੁਣੌਤੀਆਂ ‘ਤੇ ਕੰਮ ਕਰ ਰਹੇ ਲੋਕਾਂ ਤੋਂ ਸਿੱਖਣ ਅਤੇ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਦੇਵੇਗਾ।”
ਬ੍ਰਹਮ ਅਲਰੇਜਾ, ਪ੍ਰਧਾਨ, ਟਾਈ ਚੰਡੀਗੜ੍ਹ, ਨੇ ਕਿਹਾ, “ਏਆਈ ਨੂੰ ਭਵਿੱਖ ਦੀ ਯੋਜਨਾ ਨਹੀਂ, ਸਗੋਂ ਰੋਜ਼ਾਨਾ ਦੀ ਆਦਤ ਬਣਾਓ। ਇਹ ਪਹਿਲਾਂ ਹੀ ਕੰਮ ਨੂੰ ਆਸਾਨ ਬਣਾ ਰਿਹਾ ਹੈ ਅਤੇ ਹਰ ਵਿਦਿਆਰਥੀ ਦੀ ਜੇਬ ਵਿੱਚ ਇੱਕ ਨਿੱਜੀ ਅਧਿਆਪਕ ਉਪਲਬਧ ਕਰਵਾ ਰਿਹਾ ਹੈ।”
ਹੋਰ ਪ੍ਰਮੁੱਖ ਬੁਲਾਰਿਆਂ ਵਿੱਚ ਪ੍ਰੋ. ਆਸ਼ੀਸ਼ ਖੋਸਲਾ, ਸ਼ਿਵਮ ਆਹੂਜਾ ਅਤੇ ਜੌਨ ਵੈਸਲੀ ਸ਼ਾਮਲ ਸਨ। ਕਾਨਫਰੰਸ ਦੌਰਾਨ ਸਿਹਤ, ਸਿੱਖਿਆ, ਉੱਦਮ, ਵਿੱਤ, ਕਾਨੂੰਨ ਅਤੇ ਸ਼ਾਸਨ ਦੇ ਖੇਤਰਾਂ ਵਿੱਚ ਏਆਈ ਬਾਰੇ ਪੈਨਲ ਚਰਚਾਵਾਂ ਹੋਈਆਂ ਅਤੇ ਸ਼ਾਨਦਾਰ ਯੋਗਦਾਨ ਲਈ ਪੁਰਸਕਾਰ ਪ੍ਰਦਾਨ ਕੀਤੇ ਗਏ।