ਪ੍ਰਧਾਨ ਮੰਤਰੀ ਮੋਦੀ ਨੇ ਫ਼ਿਰੋਜ਼ਪੁਰ ਵਿੱਚ ਹੋਏ ਹਾਦਸੇ ‘ਤੇ ਪ੍ਰਗਟਾਇਆ ਦੁੱਖ
ਮ੍ਰਿਤਕਾਂ ਦੇ ਨਜ਼ਦੀਕੀ ਵਾਰਸਾਂ ਨੂੰ 2 -2 ਲੱਖ ਦੇਣ ਦਾ ਕੀਤਾ ਐਲਾਨ
ਚੰਡੀਗੜ੍ਹ ,6 ਜੂਨ (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਹੋਏ ਇੱਕ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਇਸ ਹਾਦਸੇ ਚ ਕੀਮਤੀ ਜਾਨਾ ਗੁਆਉਣ ਵਾਲਿਆਂ ਪ੍ਰਤੀ ਹਮਦਰਦੀ ਪ੍ਰਗਟਾਈ ਅਤੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਕਿ ਹਰੇਕ ਮ੍ਰਿਤਕ ਦੇ ਨਜ਼ਦੀਕੀ ਵਾਰਸਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਜ਼ਖ਼ਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।
ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਪੋਸਟ ਕੀਤਾ “ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਹੋਏ ਇੱਕ ਹਾਦਸੇ ਬਾਰੇ ਸੁਣ ਕੇ ਡੂੰਘਾ ਦੁੱਖ ਹੋਇਆ ਹੈ। ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਗੁਆਇਆ ਹੈ, ਉਨ੍ਹਾਂ ਪ੍ਰਤੀ ਮੇਰੀਆਂ ਡੂੰਘੀਆਂ ਸੰਵੇਦਨਾਵਾਂ ਹਨ। ਜ਼ਖ਼ਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।ਹਰੇਕ ਮ੍ਰਿਤਕ ਦੇ ਵਾਰਸਾਂ ਨੂੰ ਪੀਐੱਮਐੱਨਆਰਐੱਫ਼ ਵਿੱਚੋਂ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਿੱਤੀ ਜਾਵੇਗੀ। ਜ਼ਖ਼ਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।
ਦੱਸ ਦਈਏ ਕਿ ਅੱਜ ਸਵੇਰੇ 5:30 ਵਜੇ ਫਾਜ਼ਿਲਕਾ ਦੇ ਫਿਰੋਜ਼ਪੁਰ ਹਾਈਵੇਅ ‘ਤੇ ਇੱਕ ਪਿਕਅੱਪ ਅਤੇ ਟਰਾਲੇ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਜ਼ਖਮੀ ਹੋ ਗਏ। ਜਲਾਲਾਬਾਦ ਦੇ ਪਿੰਡ ਮਲਕਜ਼ਾਦੇ ਦਾ ਇੱਕ ਪਰਿਵਾਰ ਇੱਕ ਮ੍ਰਿਤਕ ਪਰਿਵਾਰਕ ਮੈਂਬਰ ਦੀਆਂ ਅਸਥੀਆਂ ਵਿਸਰਜਨ ਲਈ ਡੇਰਾ ਬਿਆਸ ਜਾ ਰਿਹਾ ਸੀ। ਇਸ ਦੌਰਾਨ ਗੱਡੀ ਹੁਸੈਨ ਸ਼ਾਹ ਪਿੰਡ ਪਹੁੰਚੀ ਤਾਂ ਇਸਦੀ ਟੱਕਰ ਸਾਹਮਣੇ ਆ ਰਹੇ ਟਰਾਲੇ ਨਾਲ ਹੋ ਗਈ। ਜਿਸ ਕਾਰਨ ਵੱਡਾ ਹਾਦਸਾ ਵਾਪਰ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























