National: ਡਾਬਰ ਦੇ ‘100% ਸ਼ੁੱਧਤਾ’ ਦੇ ਦਾਅਵਿਆਂ ਵਾਲੇ ਉਤਪਾਦਾਂ ‘ਤੇ ਪਾਬੰਦੀ
ਨਵੀਂ ਦਿੱਲੀ, 4 ਅਗਸਤ (ਵਿਸ਼ਵ ਵਾਰਤਾ) – FSSAI ਵੱਲੋਂ ਸ਼ਹਿਦ ਅਤੇ ਗਾਂ ਦੇ ਘਿਓ ਸਮੇਤ ਕਈ ਡਾਬਰ ਉਤਪਾਦਾਂ ਦੀ ਵਿਕਰੀ ‘ਤੇ ਪਾਬੰਦੀ ਲਗਾਈ ਗਈ ਹੈ। ਇਹ ਉਤਪਾਦ 100% ਸ਼ੁੱਧਤਾ ਦੇ ਦਾਅਵਿਆਂ ਨਾਲ ਵੇਚੇ ਜਾ ਰਹੇ ਸਨ। ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਨੇ ਇਨ੍ਹਾਂ ਦਾਅਵਿਆਂ ਨੂੰ ਗੁੰਮਰਾਹਕੁੰਨ ਦੱਸਿਆ ਹੈ ਅਤੇ ਡਾਬਰ ਤੋਂ 15 ਦਿਨਾਂ ਦੇ ਅੰਦਰ ਰਿਪੋਰਟ ਮੰਗੀ ਹੈ। FSSAI ਨੇ ਸੋਮਵਾਰ, 3 ਅਗਸਤ ਨੂੰ ਸੋਸ਼ਲ ਮੀਡੀਆ ਰਾਹੀਂ ਇਸਦਾ ਐਲਾਨ ਕੀਤਾ।

FSSAI ਦੇ ਅਨੁਸਾਰ, ਕੰਪਨੀ ਦੀ ਵੈੱਬਸਾਈਟ ‘ਤੇ ਵੇਚੇ ਜਾ ਰਹੇ ਭੋਜਨ ਉਤਪਾਦਾਂ ‘ਤੇ ਗੁੰਮਰਾਹਕੁੰਨ ਦਾਅਵੇ ਪਾਏ ਗਏ। ਇਨ੍ਹਾਂ ਵਿੱਚ ‘100% ਕੁਦਰਤੀ’, ‘100% ਸ਼ੁੱਧ’, ‘100% ਸ਼ੁੱਧਤਾ ਦੀ ਗਰੰਟੀਸ਼ੁਦਾ’, ‘100% ਜੈਵਿਕ’, ਅਤੇ ‘100% ਟੈਂਡਰ ਨਾਰੀਅਲ ਪਾਣੀ’ ਵਰਗੇ ਲੇਬਲ ਸ਼ਾਮਲ ਸਨ। FSSAI ਦਾ ਕਹਿਣਾ ਹੈ ਕਿ ‘100 ਪ੍ਰਤੀਸ਼ਤ’ ਦਾਅਵਿਆਂ ਦੀ ਇਹ ਵਰਤੋਂ FSS ਨਿਯਮਾਂ, 2018 ਦੀ ਉਲੰਘਣਾ ਕਰਦੀ ਹੈ। ਇਹ ਦਾਅਵੇ ਅਸਪਸ਼ਟ, ਅਪ੍ਰਮਾਣਿਤ ਅਤੇ ਖਪਤਕਾਰਾਂ ਲਈ ਗੁੰਮਰਾਹਕੁੰਨ ਹਨ।
ਦੱਸ ਦਈਏ ਕਿ FSSAI ਨੇ ਕਿਹਾ ਕਿ ਉਸਨੇ ਪਹਿਲਾਂ ਡਾਬਰ ਨੂੰ ਇੱਕ ਨੋਟਿਸ ਜਾਰੀ ਕੀਤਾ ਸੀ, ਜਿਸ ਵਿੱਚ ਇਸਨੂੰ ਅਜਿਹੇ ਗੁੰਮਰਾਹਕੁੰਨ “100%” ਦਾਅਵੇ ਕਰਨਾ ਤੁਰੰਤ ਬੰਦ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਹਾਲਾਂਕਿ, ਕੰਪਨੀ ਨੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























