ਸੰਗੀਤਕਾਰ A.R ਰਹਿਮਾਨ ਦੇ ਪੁੱਤਰ ਦਾ ਹੋਇਆ Accident
– ਲਗਜ਼ਰੀ ਗੱਡੀ ਪੋਰਸ਼ ਤੇ ਵੈਗਨ-ਆਰ ਵਿਚਾਲੇ ਹੋਈ ਟੱਕਰ
-ਪੁਲਿਸ ਨੇ ਦੋਵੇਂ ਗੱਡੀਆਂ ਕੀਤੀਆਂ ਜ਼ਬਤ, ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਮੁੰਬਈ, 10 ਅਗਸਤ 2026 (ਵਿਸ਼ਵ ਵਾਰਤਾ) – ਭਾਰਤੀ ਸਿਨੇਮਾ ਦੇ ਦਿੱਗਜ ਸੰਗੀਤਕਾਰ ਏ. ਆਰ. ਰਹਿਮਾਨ ਦੇ ਬੇਟੇ ਅਮੀਨ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ । ਸੋਮਵਾਰ ਤੜਕੇ ਚੇਨੱਈ ਦੇ ਗਿੰਡੀ ਵਿੱਚ ਓਲੰਪੀਆ ਟੈੱਕ ਪਾਰਕ ਸਿਗਨਲ ਨੇੜੇ 23 ਸਾਲਾ ਅਮੀਨ ਦੀ ਲਗਜ਼ਰੀ ਪੋਰਸ਼ (Porsche) ਕਾਰ ਇੱਕ ਰੈਪਿਡੋ ਵੈਗਨ-ਆਰ ਨਾਲ ਟਕਰਾ ਗਈ।
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸੋਮਵਾਰ ਤੜਕੇ ਲਗਭਗ 3:30 ਵਜੇ ਦੀ ਹੈ। ਇਸ ਹਾਦਸੇ ਵਿੱਚ ਅਮੀਨ ਨੂੰ ਮਾਮੂਲੀ ਸੱਟਾਂ ਲੱਗੀਆਂ। ਅਮੀਨ ਨੂੰ ਤੁਰੰਤ ਨੇੜਲੇ ਹਸਪਤਾਲ ਲੈ ਜਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਅਤੇ ਉਹ ਘਰ ਵਾਪਸ ਪਰਤ ਆਏ। ਦੂਜੇ ਪਾਸੇ, ਪੁਲਿਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਡਯਾਰ ਟ੍ਰੈਫਿਕ ਇਨਵੈਸਟੀਗੇਸ਼ਨ ਵਿੰਗ ਦੀ ਪੁਲਿਸ ਨੇ ਦੋਵੇਂ ਗੱਡੀਆਂ ਜ਼ਬਤ ਕਰ ਲਈਆਂ ਹਨ ਅਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ, ਇਹ ਘਟਨਾ ਉਦੋਂ ਵਾਪਰੀ ਜਦੋਂ ਵੈਗਨ-ਆਰ ਇੱਕ ਸਿੰਗਲ ਸਾਈਡ ਰੋਡ ਤੋਂ ਮੁੱਖ ਸੜਕ ‘ਤੇ ਆਈ ਅਤੇ ਪੋਰਸ਼ ਨਾਲ ਟਕਰਾ ਗਈ। ਅਮੀਨ ਦੇ ਨਾਲ ਕਾਰ ਵਿੱਚ ਉਨ੍ਹਾਂ ਦੇ ਦੋਸਤ ਵੀ ਸਵਾਰ ਸਨ। ਦੋਵਾਂ ਨੂੰ ਇਲਾਜ ਲਈ ਕਾਵੇਰੀ ਹਸਪਤਾਲ ਲੈ ਜਾਇਆ ਗਿਆ। ਜਦਕਿ ਵੈਗਨ-ਆਰ ਵਿੱਚ ਸਵਾਰ ਯਾਤਰੀ ਵੀ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਨੂੰ ਕਲੈਗਨਾਰ ਸੈਂਟੇਨਰੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਸ ਨੂੰ ਵੀ ਬਾਅਦ ਵਿੱਚ ਛੁੱਟੀ ਦੇ ਦਿੱਤੀ ਗਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























