Ludhiana : ਡਾਕਟਰਾਂ ਦੀ ਹੜਤਾਲ ਚੌਥੇ ਦਿਨ ਵੀ ਜਾਰੀ : ਅੱਜ ਤੋਂ ਓਪੀਡੀ ਪੂਰੀ ਤਰ੍ਹਾਂ ਰਹੇਗੀ ਬੰਦ
ਚੰਡੀਗੜ੍ਹ, 12ਸਤੰਬਰ(ਵਿਸ਼ਵ ਵਾਰਤਾ) Ludhiana – ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀ ਅੰਸ਼ਕ ਹੜਤਾਲ ਬੁੱਧਵਾਰ ਤੱਕ ਜਾਰੀ ਰਹੀ ਪਰ ਅੱਜ ਚੌਥੇ ਦਿਨ ਵੀਰਵਾਰ ਨੂੰ ਹੜਤਾਲ ਪੂਰੀ ਤਰ੍ਹਾਂ ਲਾਗੂ ਰਹੇਗੀ। ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀ.ਸੀ.ਐੱਮ.ਐੱਸ.ਏ.) ਨੇ ਬੀਤੇ ਦਿਨੀਂ ਕੈਬਨਿਟ ਸਬ-ਕਮੇਟੀ ਅਤੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਨਾਲ ਮੁਲਾਕਾਤ ਕੀਤੀ। ਪੀਸੀਐਮਐਸਏ ਦੇ ਸੂਬਾ ਪ੍ਰਧਾਨ ਡਾਕਟਰ ਅਖਿਲ ਸਰੀਨ ਨੇ ਕਿਹਾ ਕਿ ਸਿਹਤ ਮੰਤਰੀ ਨੇ ਸੁਰੱਖਿਆ ਸਬੰਧੀ ਮੰਗਾਂ ਨੂੰ ਸਿਧਾਂਤਕ ਤੌਰ ’ਤੇ ਪ੍ਰਵਾਨ ਕਰ ਲਿਆ ਅਤੇ ਕਰੀਅਰ ਨੂੰ ਅੱਗੇ ਵਧਾਉਣ ਦਾ ਭਰੋਸਾ ਦਿੱਤਾ, ਪਰ ਇਸ ’ਤੇ ਕੋਈ ਲਿਖਤੀ ਭਰੋਸਾ ਨਹੀਂ ਦਿੱਤਾ ਗਿਆ। ਸਰੀਨ ਨੇ ਕਿਹਾ ਕਿ ਹੁਣ ਵੀਰਵਾਰ ਤੋਂ ਓਪੀਡੀ ਸੇਵਾ ਪੂਰੀ ਤਰ੍ਹਾਂ ਬੰਦ ਰਹੇਗੀ। ਪਿਛਲੇ ਤਿੰਨ ਦਿਨਾਂ ਤੋਂ ਡਾਕਟਰਾਂ ਨੇ ਰੋਸ ਵਜੋਂ ਰੋਜ਼ਾਨਾ ਸਵੇਰੇ 8 ਤੋਂ 11 ਵਜੇ ਤੱਕ ਓਪੀਡੀ ਬੰਦ ਰੱਖੀ। ਡਾਕਟਰਾਂ ਦੀ ਜਥੇਬੰਦੀ ਨੇ ਪਹਿਲਾਂ ਕਿਹਾ ਸੀ ਕਿ ਜੇਕਰ ਬੁੱਧਵਾਰ ਦੀ ਮੀਟਿੰਗ ਵਿੱਚ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਧਰਨਾ ਦੂਜੇ ਪੜਾਅ ਵਿੱਚ ਦਾਖ਼ਲ ਹੋ ਜਾਵੇਗਾ। ਹੁਣ ਦੂਜਾ ਪੜਾਅ ਅੱਜ 12 ਤੋਂ 15 ਸਤੰਬਰ ਤੱਕ ਹੋਵੇਗਾ। ਜਿਸ ਵਿੱਚ ਓ.ਪੀ.ਡੀ ਸੇਵਾਵਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਤੀਜਾ ਪੜਾਅ 16 ਸਤੰਬਰ ਤੋਂ ਬਾਅਦ ਹੋਵੇਗਾ।