E20 ਫਿਊਲ ‘ਤੇ ‘ਆਪ’ ਦਾ ਹੱਲਾਬੋਲ: ਕੇਜਰੀਵਾਲ ਨੇ ਵੀਡੀਓ ਸ਼ੇਅਰ ਕਰ ਕੇਂਦਰ ‘ਤੇ ਸਾਧਿਆ ਨਿਸ਼ਾਨਾ
ਨਵੀ ਦਿੱਲੀ , 9 ਅਗਸਤ (ਵਿਸ਼ਵ ਵਾਰਤਾ): ਦੇਸ਼ ਵਿੱਚ ਈਥਾਨੋਲ ਬਲੈਂਡਡ ਫਿਊਲ ਯਾਨੀ E20 ਪੈਟਰੋਲ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੇਂਦਰ ਸਰਕਾਰ ਨੂੰ ਲਗਾਤਾਰ ਘੇਰਨ ਵਿੱਚ ਲੱਗੇ ਹੋਏ ਹਨ।ਅਰਵਿੰਦ ਕੇਜਰੀਵਾਲ ਨੇ E20 ਨੂੰ ਲੈ ਕੇ ਇਕ ਵਾਰ ਫਿਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਲੋਕਾਂ ਨੂੰ ਆਪਣੀ ਆਵਾਜ਼ ਚੁੱਕਣ ਤੋਂ ਰੋਕ ਰਹੀ ਹੈ।
ਐਕਸ (X) ‘ਤੇ ਪੋਸਟ ਕੀਤੇ ਗਏ ਵੀਡੀਓ ਵਿੱਚ ਉਨ੍ਹਾਂ ਕਿਹਾ ਕਿ ਜੋ ਈ-20 ਦੇ ਖ਼ਿਲਾਫ਼ ਆਵਾਜ਼ ਚੁੱਕਦਾ ਹੈ, ਉਸ ਦਾ ਪੇਜ ਡਾਊਨ ਕਰਵਾ ਦਿੰਦੇ ਹਨ। ਉਸ ਦਾ ਵੀਡੀਓ ਡਿਲੀਟ ਕਰਵਾ ਦਿੰਦੇ ਹਨ। ਉਸ ਦੇ ਅਕਾਊਂਟ ‘ਤੇ ਐੱਫ.ਆਈ.ਆਰ. (FIR) ਕਰਵਾ ਦਿੰਦੇ ਹਨ। ਗੁੰਡਾਗਰਦੀ ਕੀਤੀ ਜਾ ਰਹੀ ਹੈ। ਤਰ੍ਹਾਂ-ਤਰ੍ਹਾਂ ਨਾਲ ਉਸ ਨੂੰ ਪਰੇਸ਼ਾਨ ਕਰਦੇ ਹਨ।ਉਨ੍ਹਾਂ ਸਵਾਲ ਕੀਤਾ ਕਿ ਇਸ ਤਰ੍ਹਾਂ ਪੀ.ਐੱਮ. ਮੋਦੀ 140 ਕਰੋੜ ਲੋਕਾਂ ਨੂੰ ਕਿਵੇਂ ਦਬਾ ਸਕਣਗੇ?
ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ , “ਸਾਡੇ ਦੇਸ਼ ਵਿੱਚ E20 ਕਿਵੇਂ ਲਾਗੂ ਕੀਤਾ ਜਾ ਰਿਹਾ ਹੈ, ਆਓ ਮੈਂ ਤੁਹਾਨੂੰ ਇੱਕ ਚੁਟਕਲੇ ਨਾਲ ਸਮਝਾਉਂਦਾ ਹਾਂ।” ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਪੁਲਿਸ ਵਿਚਕਾਰ ਜੰਗਲ ਵਿੱਚ ਛੱਡੇ ਗਏ ਸ਼ੇਰ ਨੂੰ ਲੱਭਣ ਦਾ ਮੁਕਾਬਲਾ ਹੋਇਆ। ਟਰੰਪ ਦੀ ਪੁਲਿਸ 24 ਘੰਟਿਆਂ ਵਿੱਚ ਸ਼ੇਰ ਨੂੰ ਲੈ ਕੇ ਆ ਗਈ ਅਤੇ ਪੁਤਿਨ ਦੀ ਪੁਲਿਸ ਇੱਕ ਘੰਟੇ ਵਿੱਚ ਸ਼ੇਰ ਨੂੰ ਲੱਭ ਲਿਆਈ। ਪਰ, ਮੋਦੀ ਜੀ ਦੀ ਪੁਲਿਸ ਨੂੰ ਕਈ ਦਿਨ ਲੱਗ ਗਏ। ਤਲਾਸ਼ੀ ਦੌਰਾਨ ਪਤਾ ਲੱਗਾ ਕਿ ਉਹ ਇੱਕ ਕੁੱਤੇ ਨੂੰ ਫੜ ਕੇ ਬੁਰੀ ਤਰ੍ਹਾਂ ਕੁੱਟ ਰਹੇ ਸਨ ਅਤੇ ਉਸ ਤੋਂ ਅਖਵਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ‘ਬੋਲ ਮੈਂ ਸ਼ੇਰ ਹਾਂ’।
ਕੇਜਰੀਵਾਲ ਨੇ ਕਿਹਾ— ਮੋਦੀ ਜੀ ਨੇ ਅੱਜ ਦੇਸ਼ ਦੀ ਇਹੋ ਸਥਿਤੀ ਕਰ ਦਿੱਤੀ ਹੈ। 140 ਕਰੋੜ ਲੋਕਾਂ ਨੂੰ ਕੁੱਟਿਆ ਜਾ ਰਿਹਾ ਹੈ ਅਤੇ ਉਨ੍ਹਾਂ ਤੋਂ ਅਖਵਾਇਆ ਜਾ ਰਿਹਾ ਹੈ ਕਿ ਉਹ ਕਹਿਣ— E20 ਸਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























