ਜਲੰਧਰ: ਗੁਪਤ ਸੂਚਨਾ ‘ਤੇ ਰੇਡ ਕਰਨ ਗਈ ਆਬਕਾਰੀ ਵਿਭਾਗ ਦੀ ਟੀਮ ‘ਤੇ ਫਾਇਰਿੰਗ
ਜਲੰਧਰ, 4 ਅਗਸਤ 2026 (ਵਿਸ਼ਵ ਵਾਰਤਾ): ਜਲੰਧਰ ਸਥਿਤ ਭਾਰਗਵ ਕੈਂਪ ਇਲਾਕੇ ਵਿੱਚ ਅੱਜ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਨਾਜਾਇਜ਼ ਸ਼ਰਾਬ ਦੇ ਖ਼ਿਲਾਫ਼ ਕਾਰਵਾਈ ਕਰਨ ਪਹੁੰਚੀ ਆਬਕਾਰੀ ਵਿਭਾਗ ਦੀ ਟੀਮ ‘ਤੇ ਅਚਾਨਕ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ। ਹਮਲੇ ਤੋਂ ਬਾਅਦ ਅਧਿਕਾਰੀਆਂ ਨੇ ਕਿਸੇ ਤਰ੍ਹਾਂ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ।ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਗੋਲੀਬਾਰੀ ਵਿੱਚ ਕਿਸੇ ਦੇ ਜ਼ਖ਼ਮੀ ਜਾਂ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।
ਜਾਣਕਾਰੀ ਮੁਤਾਬਕ, ਆਬਕਾਰੀ ਵਿਭਾਗ ਦੀ ਟੀਮ ਨੂੰ ਭਾਰਗਵ ਕੈਂਪ ਇਲਾਕੇ ਵਿੱਚ ਵੱਡੇ ਪੱਧਰ ‘ਤੇ ਨਾਜਾਇਜ਼ ਸ਼ਰਾਬ ਵੇਚਣ ਅਤੇ ਸਪਲਾਈ ਕੀਤੇ ਜਾਣ ਦੀ ਗੁਪਤ ਸੂਚਨਾ ਮਿਲੀ ਸੀ। ਟੀਮ ਅਜੇ ਇਲਾਕੇ ਵਿੱਚ ਛਾਣਬੀਣ ਕਰ ਹੀ ਰਹੀ ਸੀ ਕਿ ਉਦੋਂ ਹੀ ਨੌਜਵਾਨ ਅਤੇ ਉਸ ਦੇ ਸਾਥੀਆਂ ਨੇ ਕਈ ਰਾਊਂਡ ਫਾਇਰ ਕਰ ਦਿੱਤੇ।
ਐਕਸਾਈਜ਼ ਟੀਮ ਦੇ ਅਧਿਕਾਰੀਆਂ ਨੇ ਘਟਨਾ ਦੀ ਜਾਣਕਾਰੀ ਤੁਰੰਤ ਸਥਾਨਕ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਭਾਰੀ ਪੁਲਿਸ ਬਲ ਮੌਕੇ ‘ਤੇ ਪਹੁੰਚਿਆ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ ਅਤੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਸੰਭਾਵਿਤ ਟਿਕਾਣਿਆਂ ‘ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਚਾਹੇ ਕਿੰਨਾ ਵੀ ਰਸੂਖ਼ਦਾਰ ਹੋਵੇ, ਉਸ ‘ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























