Indonesia : 280 ਯਾਤਰੀਆਂ ਨੂੰ ਲੈ ਕੇ ਜਾ ਰਹੇ ਜਹਾਜ਼ ਨੂੰ ਲੱਗੀ ਭਿਆਨਕ ਅੱਗ
– ਜਾਨ ਬਚਾਉਣ ਲਈ ਲੋਕਾਂ ਨੇ ਸਮੁੰਦਰ ਵਿੱਚ ਮਾਰੀ ਛਾਲ

ਇੰਡੋਨੇਸ਼ੀਆ, 21 ਜੁਲਾਈ (ਵਿਸ਼ਵ ਵਾਰਤਾ): ਇੰਡੋਨੇਸ਼ੀਆ (Indonesia) ਦੇ ਉੱਤਰੀ ਸੁਲਾਵੇਸੀ ਵਿੱਚ ਸਥਿਤ ਟੈਲਿਸ ਟਾਪੂ ਨੇੜੇ ਇੱਕ ਭਿਆਨਕ ਹਾਦਸਾ ਵਾਪਰਿਆ। ਲਗਭਗ 280 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਯਾਤਰੀ ਕਿਸ਼ਤੀ ਨੂੰ ਅੱਗ ਲੱਗ ਗਈ। ਇਸ ਘਟਨਾ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ, ਕੁਝ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਸਮੁੰਦਰ ਵਿੱਚ ਛਾਲ ਮਾਰ ਦਿੱਤੀ। ਕਈ ਯਾਤਰੀਆਂ ਨੇ ਇਸ ਭਿਆਨਕ ਦ੍ਰਿਸ਼ ਨੂੰ ਆਪਣੇ ਫ਼ੋਨਾਂ ਵਿੱਚ ਕੈਦ ਵੀ ਕਰ ਲਿਆ। ਜਿਸ ਤੋਂ ਬਾਅਦ ਹਾਦਸੇ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।

ਇਹ ਘਟਨਾ ਬੀਤੇ ਦਿਨ ਯਾਨੀ ਕਿ ਐਤਵਾਰ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਿਸ਼ਤੀ ਮਨਾਡੋ ਬੰਦਰਗਾਹ ਜਾ ਰਹੀ ਸੀ। ਅੱਗ ਤੋਂ ਬਚਣ ਲਈ ਕੁਝ ਯਾਤਰੀਆਂ ਨੇ ਸਮੁੰਦਰ ਵਿੱਚ ਛਾਲ ਮਾਰ ਦਿੱਤੀ, ਪਰ ਕੁਝ ਲੋਕ ਅਜੇ ਵੀ ਇਸ ਵਿੱਚ ਫਸੇ ਹੋਏ ਹਨ। ਇਸ ਕਿਸ਼ਤੀ ਦਾ ਨਾਮ ਕੇਐਮ ਬਾਰਸੀਲੋਨਾ ਵੀਏ ਦੱਸਿਆ ਜਾ ਰਿਹਾ ਹੈ। ਖੋਜ ਅਤੇ ਬਚਾਅ ਕਾਰਜ ਵਿੱਚ ਸ਼ਾਮਲ ਇੱਕ ਅਧਿਕਾਰੀ ਨੇ ਕਿਹਾ, ” ਘਟਨਾ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ 150 ਲੋਕਾਂ ਨੂੰ ਬਚਾਇਆ ਗਿਆ ਹੈ।”

ਅਧਿਕਾਰੀਆਂ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਬਿਜਲੀ ਦੀ ਖਰਾਬੀ, ਬਾਲਣ ਲੀਕੇਜ ਜਾਂ ਇੰਜਣ ਚ ਖਰਾਬੀ ਘਟਨਾ ਦੇ ਕੁਝ ਸੰਭਾਵਿਤ ਕਾਰਨ ਹੋ ਸਕਦੇ ਹਨ। ਬਚਾਅ ਕਾਰਜ ਵਿੱਚ ਸਥਾਨਕ ਮਛੇਰਿਆਂ ਦੀ ਸਹਾਇਤਾ ਵੀ ਲਈ ਗਈ, ਜਿਨ੍ਹਾਂ ਨੇ ਲਾਈਫ ਜੈਕਟਾਂ ਪਹਿਨੇ ਕੁਝ ਬਚੇ ਲੋਕਾਂ ਨੂੰ ਸੁਰੱਖਿਅਤ ਬਚਾਇਆ। ਬਚਾਅ ਕਰਮਚਾਰੀਆਂ ਨੇ ਜੋ ਲਾਸ਼ਾਂ ਬਰਾਮਦ ਕੀਤੀਆਂ, ਇਨ੍ਹਾਂ ਵਿੱਚ ਇੱਕ ਗਰਭਵਤੀ ਔਰਤ ਵੀ ਸ਼ਾਮਲ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























