IND VS ENG ਟੈਸਟ ਦਾ ਦੂਜਾ ਦਿਨ – ਭਾਰਤ ਦਾ ਸਕੋਰ 450 ਤੋਂ ਪਾਰ
ਯਸ਼ਸਵੀ ਅਤੇ ਗਿੱਲ ਤੋਂ ਬਾਅਦ ਰਿਸ਼ਭ ਪੰਤ ਨੇ ਵੀ ਜੜਿਆ ਸੈਂਕੜਾ

ਇੰਗਲੈਂਡ, 21 ਜੂਨ (ਵਿਸ਼ਵ ਵਾਰਤਾ):ਤੇਂਦੁਲਕਰ-ਐਂਡਰਸਨ ਟਰਾਫੀ ਦਾ ਪਹਿਲਾ ਟੈਸਟ ਹੈਡਿੰਗਲੇ ਕ੍ਰਿਕਟ ਗਰਾਊਂਡ ‘ਤੇ ਖੇਡਿਆ ਜਾ ਰਿਹਾ ਹੈ। ਅੱਜ ਮੈਚ ਦਾ ਦੂਜਾ ਦਿਨ ਹੈ ਅਤੇ ਪਹਿਲਾ ਸੈਸ਼ਨ ਚੱਲ ਰਿਹਾ ਹੈ। ਟੀਮ ਇੰਡੀਆ ਨੇ ਪਹਿਲੀ ਪਾਰੀ ਵਿੱਚ 5 ਵਿਕਟਾਂ ‘ਤੇ 447 ਦੌੜਾਂ ਬਣਾਈਆਂ ਹਨ।
ਭਾਰਤੀ ਟੀਮ ਨੇ ਅੱਜ 359/3 ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਰਿਸ਼ਬ ਪੰਤ ਨੇ ਸ਼ੋਇਬ ਬਸ਼ੀਰ ਦੇ ਓਵਰ ਵਿੱਚ ਛੱਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ। ਇਹ ਪੰਤ ਦਾ ਸੱਤਵਾਂ ਟੈਸਟ ਸੈਂਕੜਾ ਹੈ ਅਤੇ ਉਹ ਟੈਸਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਭਾਰਤੀ ਵਿਕਟਕੀਪਰ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਇਸ ਮਾਮਲੇ ਵਿੱਚ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ ਹੈ।
ਓਧਰ, ਕਰੁਣ ਨਾਇਰ ਆਪਣੀ ਵਾਪਸੀ ਵਿੱਚ ਅਸਫਲ ਰਹੇ। ਕਰੁਣ ਨਾਇਰ ਨੇ ਲੰਬੇ ਸਮੇਂ ਬਾਅਦ ਟੀਮ ਇੰਡੀਆ ਵਿੱਚ ਵਾਪਸੀ ਕੀਤੀ ਸੀ ਅਤੇ ਉਨ੍ਹਾਂ ਨੂੰ ਆਪਣਾ ਖਾਤਾ ਖੋਲ੍ਹੇ ਬਿਨਾਂ ਹੀ ਪਵੇਲੀਅਨ ਪਰਤਣਾ ਪਿਆ।
ਭਾਰਤ ਅਤੇ ਇੰਗਲੈਂਡ ਵਿਚਾਲੇ ਹੈਡਿੰਗਲੇ, ਲੀਡਜ਼ ਵਿਖੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਟੀਮ ਇੰਡੀਆ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਯਸ਼ਸਵੀ ਜੈਸਵਾਲ ਅਤੇ ਕਪਤਾਨ ਸ਼ੁਭਮਨ ਗਿੱਲ ਨੇ ਭਾਰਤੀ ਟੀਮ ਲਈ ਸੈਂਕੜੇ ਲਗਾ ਕੇ ਇਤਿਹਾਸਕ ਉਪਲਬਧੀ ਹਾਸਲ ਕੀਤੀ। ਇਹ ਪਹਿਲਾ ਮੌਕਾ ਸੀ ਜਦੋਂ ਦੋ ਭਾਰਤੀ ਬੱਲੇਬਾਜ਼ਾਂ ਨੇ ਇੰਗਲੈਂਡ ਦੀ ਧਰਤੀ ‘ਤੇ ਟੈਸਟ ਮੈਚ ਦੇ ਪਹਿਲੇ ਦਿਨ ਸੈਂਕੜੇ ਲਗਾਏ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























