Entertainment: ਦਿਲਜੀਤ ਦੋਸਾਂਝ ਦੇ ਅਹਿਮਦਾਬਾਦ ਸ਼ੋਅ ’ਤੋਂ ਪਹਿਲਾਂ ਡੀਸੀਪੀਯੂ ਨੇ ਪੁਲਿਸ ਕਮਿਸ਼ਨਰ ਨੂੰ ਲਿਖਿਆ ਪੱਤਰ, ਪੜ੍ਹੋ ਕੀ ਕੀਤੀ ਮੰਗ ?
ਚੰਡੀਗੜ੍ਹ, 13 ਨਵੰਬਰ (ਵਿਸ਼ਵ ਵਾਰਤਾ): ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਣ ਵਾਲੇ ਸੰਗੀਤ ਸਮਾਰੋਹ ਤੋਂ ਪਹਿਲਾਂ ਜ਼ਿਲ੍ਹਾ ਬਾਲ ਸੁਰੱਖਿਆ ਇਕਾਈ (ਡੀਸੀਪੀਯੂ) ਨੇ ਸਮਾਗਮ ਵਿੱਚ ਬੱਚਿਆਂ ਦੀ ਮੌਜੂਦਗੀ ਅਤੇ ਗੀਤਾਂ ਦੀ ਸਮੱਗਰੀ ਨੂੰ ਲੈ ਕੇ ਚਿੰਤਾ ਜ਼ਾਹਰ ਕਰਦਿਆਂ ਪ੍ਰਸ਼ਾਸਨ ਤੋਂ ਦਖ਼ਲ ਦੇਣ ਦੀ ਮੰਗ ਕੀਤੀ ਹੈ।
ਡੀਸੀਪੀਯੂ ਵੱਲੋਂ ਅਹਿਮਦਾਬਾਦ ਦੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਸੰਗੀਤ ਸਮਾਰੋਹ ਦੌਰਾਨ ਕੁਝ ਪਾਬੰਦੀਆਂ ਲਾਗੂ ਕਰਨ ਦੀ ਅਪੀਲ ਕੀਤੀ ਗਈ ਹੈ। ਇਹ ਕਦਮ ਚੰਡੀਗੜ੍ਹ ਦੇ ਵਸਨੀਕ ਪ੍ਰੋਫੈਸਰ ਡਾ. ਪੰਡਿਤਰਾਓ ਧਰੇਨਵਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਚੁੱਕਿਆ ਗਿਆ ਹੈ।
ਇਕਾਈ ਨੇ ਆਪਣੇ ਪੱਤਰ ਵਿੱਚ ਧਿਆਨ ਦਿਵਾਇਆ ਹੈ ਕਿ ਸਮਾਗਮ ਵਿੱਚ ਪੰਜ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਵੀ ਦਾਖ਼ਲੇ ਦੀ ਇਜਾਜ਼ਤ ਦਿੱਤੀ ਗਈ ਹੈ। ਅਜਿਹੇ ਵਿੱਚ ਸਮਾਰੋਹ ਦੌਰਾਨ ਪੇਸ਼ ਕੀਤੇ ਜਾਣ ਵਾਲੇ ਗੀਤਾਂ ਦੀ ਸਮੱਗਰੀ, ਤੇਜ਼ ਆਵਾਜ਼ ਅਤੇ ਚਮਕਦਾਰ ਲਾਈਟਾਂ ਬੱਚਿਆਂ ਦੀ ਸਿਹਤ ਅਤੇ ਮਾਨਸਿਕ ਸਥਿਤੀ ’ਤੇ ਮਾੜਾ ਅਸਰ ਪਾ ਸਕਦੀਆਂ ਹਨ। ਡੀਸੀਪੀਯੂ ਨੇ ਇਨ੍ਹਾਂ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਨੂੰ ਸਮਾਗਮ ਲਈ ਲੋੜੀਂਦੇ ਸੁਰੱਖਿਆ ਪ੍ਰਬੰਧ ਅਤੇ ਪਾਬੰਦੀਆਂ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।























