Covid vaccine ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ: ਮਾੜੇ ਪ੍ਰਭਾਵਾਂ ਕਾਰਨ ਮੌਤ ਹੋਣ ‘ਤੇ ਦਿੱਤਾ ਜਾਵੇਗਾ ਮੁਆਵਜ਼ਾ!
ਨਵੀ ਦਿੱਲੀ, 10 ਮਾਰਚ 2026 (ਵਿਸ਼ਵ ਵਾਰਤਾ) – ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕੋਵਿਡ ਵੈਕਸੀਨੇਸ਼ਨ ਨਾਲ ਸਬੰਧਤ ਪਟੀਸ਼ਨਾਂ ‘ਤੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸਰਕਾਰ ਵੈਕਸੀਨੇਸ਼ਨ ਦੇ ਸਾਈਡ ਇਫੈਕਟਸ (ਮਾੜੇ ਪ੍ਰਭਾਵਾਂ) ਲਈ ਮੁਆਵਜ਼ਾ ਦੇਵੇ। ਇਸ ਲਈ ਸਰਕਾਰ ‘ਨੋ-ਫਾਲਟ ਕੰਪਨਸੇਸ਼ਨ ਪਾਲਿਸੀ’ਤਿਆਰ ਕਰੇ। ਇਸ ਪਾਲਿਸੀ ਦਾ ਮਤਲਬ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਦਵਾਈ ਜਾਂ ਵੈਕਸੀਨ ਨਾਲ ਨੁਕਸਾਨ ਹੁੰਦਾ ਹੈ, ਤਾਂ ਉਸ ਨੂੰ ਮੁਆਵਜ਼ਾ ਮਿਲ ਸਕਦਾ ਹੈ, ਭਾਵੇਂ ਇਸ ਵਿੱਚ ਕਿਸੇ ਦੀ ਗਲਤੀ ਸਾਬਤ ਨਾ ਵੀ ਹੋਈ ਹੋਵੇ।
ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਇਹ ਵੀ ਕਿਹਾ ਕਿ ਵੈਕਸੀਨੇਸ਼ਨ ਦੇ ਸਾਈਡ ਇਫੈਕਟਸ ਦੀ ਨਿਗਰਾਨੀ ਲਈ ਮੌਜੂਦਾ ਸਿਸਟਮ ਜਾਰੀ ਰਹੇਗਾ। ਇਸ ਲਈ ਵੱਖਰੇ ਤੌਰ ‘ਤੇ ਕੋਈ ਮਾਹਿਰ ਪੈਨਲ ਬਣਾਉਣ ਦੀ ਲੋੜ ਨਹੀਂ ਹੈ।
ਸੁਪਰੀਮ ਕੋਰਟ ਨੇ ਰਚਨਾ ਗੰਗੂ ਅਤੇ ਵੇਣੂਗੋਪਾਲਨ ਗੋਵਿੰਦਨ ਵੱਲੋਂ 2021 ਵਿੱਚ ਦਾਇਰ ਕੀਤੀ ਗਈ ਪਟੀਸ਼ਨ ‘ਤੇ ਇਹ ਫੈਸਲਾ ਸੁਣਾਇਆ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਦੀਆਂ ਧੀਆਂ ਦੀ ਮੌਤ ਕੋਵਿਡ ਵੈਕਸੀਨ ਦੇ ਸਾਈਡ ਇਫੈਕਟਸ ਕਾਰਨ ਹੋਈ ਸੀ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਦੋਵਾਂ ਨੂੰ ਟੀਕਾਕਰਨ ਤੋਂ ਬਾਅਦ ਗੰਭੀਰ ਮਾੜੇ ਪ੍ਰਭਾਵ ਹੋਏ । ਇਨ੍ਹਾਂ ਪਟੀਸ਼ਨਾਂ ‘ਤੇ ਸੁਣਵਾਈ ਕਰਦਿਆਂ ਸੁਪ੍ਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਮੁਆਵਜ਼ੇ ਨਾਲ ਸਬੰਧਤ ਨਵੀਂ ਨੀਤੀ ਬਣਾਉਣ ਦੇ ਨਿਰਦੇਸ਼ ਦਿੱਤੇ।
ਪਿਛਲੇ ਸਾਲ 13 ਨਵੰਬਰ ਨੂੰ ਇਨ੍ਹਾਂ ਪਟੀਸ਼ਨਾਂ ‘ਤੇ ਲੰਬੀ ਬਹਿਸ ਹੋਈ ਸੀ। ਇਸ ਤੋਂ ਬਾਅਦ ਜਸਟਿਸ ਵਿਕਰਮ ਨਾਥ ਨੇ ਕਿਹਾ ਸੀ ਕਿ ਕੋਰਟ ਇਸ ਦੇ ਨਾਲ-ਨਾਲ ਦੂਜੇ ਮੁੱਦਿਆਂ ‘ਤੇ ਵੀ ਫੈਸਲਾ ਕਰੇਗਾ। ਜਸਟਿਸ ਨਾਥ ਨੇ ਆਦੇਸ਼ ਸੁਰੱਖਿਅਤ ਰੱਖਦੇ ਹੋਏ ਕਿਹਾ ਸੀ— “ਅਸੀਂ ਤੈਅ ਕਰਾਂਗੇ ਕਿ ਕਮੇਟੀ ਦਾ ਗਠਨ ਕੀਤਾ ਜਾਣਾ ਹੈ ਜਾਂ ਨਹੀਂ, ਕੀ ਨਿਰਦੇਸ਼ ਜਾਰੀ ਕੀਤੇ ਜਾਣੇ ਹਨ। ਅਸੀਂ ਹਰ ਚੀਜ਼ ਦੀ ਬਾਰੀਕੀ ਨਾਲ ਜਾਂਚ ਕਰਾਂਗੇ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























