Chandigarh :ਹਿੱਟ ਐਂਡ ਰਨ ਕੇਸ ਦਾ ਮੁਲਜ਼ਮ ਗ੍ਰਿਫ਼ਤਾਰ
– ਤੇਜ਼ ਰਫ਼ਤਾਰ ਥਾਰ ਨਾਲ 2 ਸਕੀਆਂ ਭੈਣਾਂ ਨੂੰ ਮਾਰੀ ਸੀ ਟੱਕਰ
ਚੰਡੀਗੜ੍ਹ, 17 ਅਕਤੂਬਰ 2025 (ਵਿਸ਼ਵ ਵਾਰਤਾ): ਚੰਡੀਗੜ੍ਹ ਹਿੱਟ-ਐਂਡ-ਰਨ ਮਾਮਲੇ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਨੇਰੋਸ਼ਪ੍ਰੀਤ ਸਿੰਘ ਹੈ। ਪੁਲਿਸ ਨੇ ਹਾਦਸੇ ਵਿੱਚ ਸ਼ਾਮਲ ਥਾਰ ਨੂੰ ਪਹਿਲਾਂ ਹੀ ਜ਼ਬਤ ਕਰ ਲਿਆ ਸੀ।
ਇਹ ਹਾਦਸਾ ਬੁੱਧਵਾਰ ਦੁਪਹਿਰ ਨੂੰ ਵਾਪਰਿਆ, ਜਦ ਦੋ ਭੈਣਾਂ ਨੂੰ ਕੁਚਲ ਦਿੱਤਾ ਸੀ, ਇਸ ਹਾਦਸੇ ‘ਚ ਛੋਟੀ ਭੈਣ ਦੀ ਮੌਤ ਹੋ ਗਈ ਸੀ, ਜਦੋਂ ਕਿ ਵੱਡੀ ਭੈਣ ਦੀ ਹਾਲਤ ਗੰਭੀਰ ਹੈ ਅਤੇ ਉਹ ਹਸਪਤਾਲ ਵਿੱਚ ਦਾਖਲ ਹੈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਇਹ ਦਾਅਵਾ ਕਰਦੇ ਹੋਏ ਹੰਗਾਮਾ ਕੀਤਾ ਕਿ ਪੁਲਿਸ ਥਾਰ ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮਾਮਲੇ ਵਿੱਚ ਕਾਰਵਾਈ ਕਰਨ ਵਿੱਚ ਲਾਪਰਵਾਹੀ ਵਰਤਣ ਲਈ ਸੈਕਟਰ 45 ਬੁੜੈਲ ਪੁਲਿਸ ਚੌਕੀ ਦੇ ਇੰਚਾਰਜ ਗੁਰਜੀਵਨ ਸਿੰਘ ਨੂੰ ਹਟਾ ਦਿੱਤਾ ਗਿਆ ਹੈ।
ਦੱਸ ਦਈਏ ਕਿ ਦੋ ਦਿਨ ਪਹਿਲਾਂ, ਦੁਪਹਿਰ 3 ਵਜੇ ਦੇ ਕਰੀਬ ਇੱਕ ਥਾਰ ਗੱਡੀ ਨੇ ਬੁੜੈਲ ਦੇ ਰਹਿਣ ਵਾਲੇ ਸੋਜੇਫ ਅਤੇ ਉਸਦੀ ਛੋਟੀ ਭੈਣ ਈਸ਼ਾ ਨੂੰ ਜ਼ਬਰਦਸਤ ਟੱਕਰ ਮਾਰੀ। ਇਸ ਤੋਂ ਬਾਅਦ ਮੁਲਜ਼ਮ ਥਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਦੋਵੇ ਜ਼ਖਮੀ ਭੈਣਾਂ ਨੂੰ ਤੁਰੰਤ ਸੈਕਟਰ 32 ਦੇ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਸੋਜੇਫ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕੁੜੀਆਂ ਦੇ ਪਿਤਾ, ਸਵੇਦ ਨੇ ਕੱਲ੍ਹ, 16 ਅਕਤੂਬਰ ਨੂੰ ਦੋਸ਼ ਲਗਾਇਆ ਕਿ ਪੁਲਿਸ ਥਾਰ ਵਾਲੇ ਆਦਮੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੂਰੇ ਸ਼ਹਿਰ ਵਿੱਚ ਕੈਮਰੇ ਲੱਗੇ ਹੋਏ ਹਨ, ਪਰ ਪੁਲਿਸ ਅਜੇ ਤੱਕ ਮੁਲਜ਼ਮਾਂ ਦਾ ਪਤਾ ਨਹੀਂ ਲਗਾ ਸਕੀ। ਇਸ ਮਾਮਲੇ ਵਿੱਚ ਪੁਲਿਸ ਨੇ ਵੀਰਵਾਰ ਨੂੰ ਇੰਡਸਟਰੀ ਏਰੀਆ ਫੇਜ਼ ਵਨ ਤੋਂ ਕੁੜੀਆਂ ਨੂੰ ਟੱਕਰ ਮਾਰਨ ਵਾਲੀ ਥਾਰ ਬਰਾਮਦ ਕਰ ਲਈ। ਅੱਜ ਮੁਲਜ਼ਮ ਨੂੰ ਵੀ ਕਾਬੂ ਕਰ ਲਿਆ ਗਿਆ ਹੈ।























